ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਵਿਵਸਥਾ ਰੱਬ ਭਰੋਸੇ
ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਨੂੰ ਨਗਰ ਕੌਸ਼ਲ ਅਬੋਹਰ ਦੇ ਟਿੱਚ ਸਮਝ ਰਹੇ........
ਅਬੋਹਰ : ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿਚ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਨੂੰ ਨਗਰ ਕੌਸ਼ਲ ਅਬੋਹਰ ਦੇ ਟਿੱਚ ਸਮਝ ਰਹੇ ਹਨ। ਮਾਮਲੇ ਦਾ ਗੰਭੀਰ ਪਹਿਲੂ ਇਹ ਹੈ ਕਿ ਨਗਰ ਕੌਂਸ਼ਲ ਅਬੋਹਰ ਵਿੱਚ ਅਧਿਕਾਰੀਆਂ ਅਤੇ ਸਫਾਈ ਕਰਮਚਾਰੀਆਂ ਦੀ ਭਾਰੀ ਗਿਣਤੀ ਹੋਣ ਦੇ ਬਾਵਜੂਦ ਸ਼ਹਿਰ ਵਿਚ ਸਫ਼ਾਈ ਵਿਵਸਥਾ ਚੌਪਟ ਹੋਈ ਪਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰਾਸ਼ਟਰੀ ਪੱਧਰ ਤੇ ਹੋਏ ਸਰਵੈ ਦੇ ਦੌਰਾਨ ਸ਼ਹਿਰ ਦੀ ਰੈਂਕਿੰਗ ਸੁਧਾਰਣ ਲਈ ਨਗਰ ਕੌਂਸਲ ਵਲੋਂ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਦਿਨ ਵਿਚ 2-2 ਵਾਰ ਅਤੇ ਕੁਝ ਖੇਤਰਾਂ ਵਿਚ ਤਾਂ ਰਾਤ ਦੇ ਸਮੇਂ ਵੀ ਸਫ਼ਾਈ ਕਰਵਾਈ ਗਈ
ਪਰ ਉਕਤ ਸਰਵੈ ਦਾ ਨਤੀਜਾ ਘੋਸ਼ਿਤ ਹੋਣ ਦੇ ਬਾਅਦ ਸਫ਼ਾਈ ਵਿਵਸਥਾ ਦਾ ਫਿਰ ਤੋਂ ਮਾੜਾ ਹਾਲ ਹੋ ਗਿਆ ਹੈ ਹਲਾਂ ਕਿ ਕੁੱਝ ਮੁਹੱਲਿਆਂ ਦੀ ਸਫਾਈ ਚੰਗੇ ਢੰਗ ਨਾਲ ਚੱਲ ਰਹੀ ਹੈ ਪਰ ਕਈ ਮੁਹੱਲਿਆਂ ਵਿਚ ਸਫ਼ਾਈ ਵਿਵਸਥਾ ਦਾ ਜਨਾਜਾ ਨਿਕਲਿਆ ਹੋਇਆ ਹੈ, ਜਿਸ ਦੇ ਕਾਰਨ ਮੁਹੱਲਾ ਵਾਸੀਆਂ ਅਤੇ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਕੌਂਸਲ ਅਬੋਹਰ ਦੇ ਸੈਨੇਟਰੀ ਇੰਸਪੈਕਟਰ ਅਸ਼ਵਨੀ ਮਿਗਲਾਨੀ ਨੇ ਦੱਸਿਆ ਕਿ ਨਗਰ ਕੌਂਸਲ ਵਿੱਚ ਇਸ ਸਮੇਂ ਉਨ੍ਹਾਂ ਦੇ ਸਮੇਤ 2 ਸੈਨੇਟਰੀ ਇੰਸਪੈਕਟਰ, 2 ਸੈਨੇਟਰੀ ਇੰਚਾਰਜ, 126 ਸਥਾਈ ਅਤੇ 140 ਅਸਥਾਈ ਸਫ਼ਾਈ ਕਰਮਚਾਰੀ ਕੰਮ ਕਰ ਰਹੇ ਹਨ.
ਦੂਜੇ ਪਾਸੇ ਸ਼ਹਿਰ ਦੀਆਂ ਗਲੀਆਂ ਵਿਚ ਸੀਵਰੇਜ ਵਿਵਸਥਾ ਚੌਪਟ ਹੋਣ ਕਾਰਨ ਵੀ ਕਈ ਗਲੀਆਂ ਲਬਾਲਬ ਪਾਣੀ ਨਾਲ ਭਰੀ ਹੋਈਆ ਹਨ ਜਿਸ ਦੇ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਬੋਰਡ ਚਾਹੇ ਤਾਂ ਸੀਵਰੇਜ ਦੀ ਸਫ਼ਾਈ ਕਰਵਾ ਕੇ ਵੀ ਇਸ ਸਮੱਸਿਆ ਦਾ ਹੱਲ ਕਰ ਸਕਦਾ ਹੈ ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ। ਦੂਜੇ ਪਾਸੇ ਮਾਨਸੂਨ ਆ ਜਾਣ ਕਾਰਨ ਮੀਂਹ ਸ਼ੁਰੂ ਹੋ ਗਏ ਹਨ, ਜੇਕਰ ਮੀਂਹ ਜਿਆਦਾ ਪਏ ਤਾਂ ਪੂਰੇ ਸ਼ਹਿਰ ਵਿਚ ਹੀ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਵੇਗਾ।