ਸੜਕਾਂ ਦੀ ਮਾੜੀ ਹਾਲਤ ਵਿਰੁਧ 'ਚ ਸਮਾਜ ਸੇਵੀਆਂ ਨੇ ਕੀਤਾ ਚੱਕਾ ਜਾਮ
ਅੱਜ ਇਥੇ ਸੜਕਾਂ ਬਣਾਉਣ ਦੀ ਮੰਗ ਲੈ ਕੇ ਸਮਰਾਲਾ ਇਲਾਕੇ ਦੀਆ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ........
ਸਮਰਾਲਾ : ਅੱਜ ਇਥੇ ਸੜਕਾਂ ਬਣਾਉਣ ਦੀ ਮੰਗ ਲੈ ਕੇ ਸਮਰਾਲਾ ਇਲਾਕੇ ਦੀਆ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ 'ਚ ਪਹੁੰਚਦਿਆਂ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਇਕੱਤਰ ਹੋਈਆਂ, ਜਿੱਥੋਂ ਉਹ ਇੱਕ ਕਾਫਲੇ ਦੇ ਰੂਪ 'ਚ ਪੰਜਾਬ ਸਰਕਾਰ, ਲੋਕ ਨਿਰਮਾਣ ਵਿਭਾਗ ਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਮੇਨ ਚੌਂਕ ਪੁੱਜੇ। ਇੱਥੇ ਪਹੁੰਚ ਕੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਮਾਰਗ ਅਤੇ ਖੰਨਾ-ਨਵਾਂਸ਼ਹਿਰ ਮਾਰਗ ਨੂੰ ਮੁਕੰਮਲ ਰੂਪ 'ਚ ਬੰਦ ਕਰ ਦਿੱਤਾ ਗਿਆ ਤੇ ਟ੍ਰੈਫ਼ਿਕ ਜਾਮ ਰਿਹਾ।
ਇਸ ਮੌਕੇ ਧਰਨੇ 'ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਨਲਾਇਕੀ ਹੀ ਹੈ, ਜਿਸ ਕਰਕੇ ਲੋਕਾਂ ਨੂੰ ਤੱਪਦੀ ਧੁੱਪ 'ਚ ਸੜਕਾਂ 'ਤੇ ਜਾਮ ਲਗਾ ਕੇ ਬੈਠਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਖੰਨਾ-ਨਵਾਂਸ਼ਹਿਰ ਸੜਕ ਅਤੇ ਸਮਰਾਲਾ-ਬੀਜਾ ਸੜਕ ਦੀ ਮਾੜੀ ਹਾਲਤ ਦਾ ਸੰਤਾਪ ਇੱਥੋਂ ਦੇ ਲੋਕ ਹੰਢਾ ਰਹੇ ਹਨ, ਜਿੱਥੇ ਕਈ ਬੇਸ਼ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸੰਬੋਧਨ ਕਰਨ ਵਾਲਿਆਂ 'ਚ ਐਡਵੋਕੇਟ ਨਰਿੰਦਰ ਸ਼ਰਮਾ, ਸਰਬੰਸ ਸਿੰਘ ਮਾਣਕੀ, ਰਾਜਵਿੰਦਰ ਸਮਰਾਲਾ,
ਦੀਪ ਦਿਲਬਰ, ਸੁਦੇਸ਼ ਸ਼ਰਮਾ, ਜਥੇ: ਅਮਰਜੀਤ ਸਿੰਘ ਬਾਲਿਓਂ, ਕੌਂਲਸਰ ਅੰਮ੍ਰਿਤ ਪੁਰੀ ਨੇ ਵੀ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ 'ਤੇ ਚਿੰਤਾ ਪ੍ਰਗਟਾਈ।
ਧਰਨਾਕਾਰੀਆਂ ਦੀ ਮੰਗ ਸੀ ਕਿ ਉਹ ਧਰਨਾ ਸਿਰਫ਼ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਆਉਣ 'ਤੇ ਹੀ ਖੋਲ੍ਹ ਸਕਦੇ ਹਨ, ਨਹੀਂ ਤਾਂ ਧਰਨਾ ਲਗਾਤਾਰ ਚੱਲਦਾ ਰਹੇਗਾ। ਇਸ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ.ਪੀ.(ਐੱਚ.), ਡੀ.ਐੱਸ.ਪੀ. ਸਮਰਾਲਾ ਅਤੇ ਐੱਸ.ਐੱਚ.ਓ. ਸਮਰਾਲਾ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਭੇਜੇ ਐੱਸ.ਡੀ.ਐੱਮ. ਖੰਨਾ ਨਾਲ ਧਰਨਾਕਾਰੀਆਂ ਦੀ ਗੱਲਬਾਤ ਕਰਵਾਈ ਗਈ, ਜੋ ਕਿ ਬੇਸਿੱਟਾ ਸਾਬਿਤ ਹੋਈ।
ਅੰਤ ਵਿਚ ਧਰਨਾਕਾਰੀਆਂ ਵੱਲੋਂ ਅਗਲੇ ਧਰਨੇ ਦਾ ਐਲਾਨ ਕਰਦੇ ਹੋਏ ਆਪਣੀ ਮਰਜ਼ੀ ਨਾਲ ਅੱਜ ਦਾ ਚੱਕਾ ਜਾਮ ਮੁਲਤਵੀ ਕਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅਗਲਾ ਪ੍ਰਦਰਸ਼ਨ ਇਸ ਤੋਂ ਵੀ ਵੱਡਾ ਤੇ ਮਜ਼ਬੂਤ ਸਾਬਿਤ ਹੋਵੇਗਾ, ਜਿਸਦੇ ਲਈ ਪ੍ਰਸ਼ਾਸਨ ਤਿਆਰ ਰਹੇ। ਅੱਜ ਦੇ ਧਰਨੇ 'ਚ ਉਪ ਚੇਅਰਮੈਨ ਬਹਾਦਰ ਸਿੰਘ ਮਾਣਕੀ, ਸਤਵੀਰ ਸਿੰਘ ਸੇਖੋਂ, ਸਰਬਜੀਤ ਸਿੰਘ ਪਪੜੌਦੀ, ਸ਼ਿਵ ਕੁਮਾਰ ਸ਼ਿਵਲੀ, ਇੰਦਰੇਸ਼ ਜੈਦਕਾ, ਸ਼ੰਕਰ ਕਲਿਆਣ, ਗੁਰਪ੍ਰੀਤ ਸਿੰਘ ਬੇਦੀ, ਗਿ. ਮਹਿੰਦਰ ਸਿੰਘ ਭੰਗਲਾਂ, ਯਾਦਵਿੰਦਰ ਸਿੰਘ ਯਾਦੂ ਭੰਗਲਾਂ, ਇੰਦਰਜੀਤ ਸਿੰਘ ਕੰਗ, ਜਥੇ: ਸੁਜਾਨ ਸਿੰਘ ਮੰਜਾਲੀ,
ਜਸਮੇਲ ਸਿੰਘ ਸਮੇਤ ਅਨੇਕਾਂ ਸਮਾਜਸੇਵੀ ਸੰਸਥਾਵਾਂ ਦੇ ਆਗੂ ਤੇ ਪਿੰਡਾਂ ਦੇ ਲੋਕ ਸ਼ਾਮਿਲ ਹੋਏ। 5 ਜੁਲਾਈ ਨੂੰ ਹੋਵੇਗਾ ਵਿਸ਼ਾਲ ਚੱਕਾ ਜਾਮ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਸਮਾਜਸੇਵੀ ਜਥੇਬੰਦੀਆਂ ਤੱਪਦੀ ਧੁੱਪ 'ਤੇ ਅੱਜ ਕਰੀਬ ਤਿੰਨ ਘੰਟੇ ਬੈਠੀਆਂ ਰਹੀਆਂ। ਉਨ੍ਹਾਂ ਕਿਹਾ ਕਿ ਡੀਸੀ ਲੁਧਿਆਣਾ ਵੱਲੋਂ ਗੱਲਬਾਤ ਕਰਨ ਲਈ ਭੇਜੇ ਐੱਸ.ਡੀ.ਐੱਮ. ਖੰਨਾ ਲੋਕਾਂ ਦੀ ਤਸੱਲੀ ਕਰਵਾਉਣ 'ਚ ਅਸਫਲ ਸਾਬਿਤ ਹੋਏ,
ਕਿਉਂਕਿ ਉਨ੍ਹਾਂ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਸੀ। ਜੋ ਜਵਾਬ ਐੱਸ.ਡੀ.ਐੱਮ. ਖੰਨਾ ਲੋਕਾਂ ਨੂੰ ਦੇ ਰਹੇ ਸਨ, ਉਹ ਤਾਂ ਅਖ਼ਬਾਰਾਂ ਦੇ ਜ਼ਰੀਏ ਪਹਿਲਾਂ ਹੀ ਇੱਥੋਂ ਦੇ ਲੋਕ ਜਾਣਦੇ ਹਨ। ਉਨ੍ਹਾਂ ਕਿਹਾ ਕਿ 5 ਜੁਲਾਈ ਨੂੰ ਇੱਕ ਵਿਸ਼ਾਲ ਰੋਸ ਧਰਨਾ ਅਤੇ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ, ਜਿਸਦੇ ਸਬੰਧ 'ਚ 30 ਜੂਨ ਨੂੰ ਸਮਾਜਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ, ਜਿਸ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।