ਕਾਂਗਰਸੀ ਕੌਂਸਲਰਾਂ ਨੇ ਮੀਟਿੰਗ ਸੱਦ ਕੇ ਪਾਸ ਕੀਤੇ 13 ਮਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਕੌਂਸਲ ਫਤਿਹਗੜ੍ਹ ਸਾਹਿਬ ਦੀਆਂ 6 ਮੀਟਿੰਗਾਂ ਮੁਲਤਵੀ ਹੋਣ ਤੋਂ ਬਾਅਦ ਅੱਜ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵਲੋਂ ਮੀਟਿੰਗ ਕਰ ......

Congress Councilors During Meeting

ਫ਼ਤਿਹਗੜ੍ਹ ਸਾਹਿਬ : ਨਗਰ ਕੌਂਸਲ ਫਤਿਹਗੜ੍ਹ ਸਾਹਿਬ ਦੀਆਂ 6 ਮੀਟਿੰਗਾਂ ਮੁਲਤਵੀ ਹੋਣ ਤੋਂ ਬਾਅਦ ਅੱਜ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵਲੋਂ ਮੀਟਿੰਗ ਕਰ ਕੇ ਸ਼ਹਿਰ ਦੇ ਵਿਕਾਸ ਅਤੇ ਕੌਂਸਲ ਨਾਲ ਜੁੜੇ 13 ਮਤੇ ਪਾਸ ਕੀਤੇ ਗਏ। ਸੱਤਾਧਾਰੀ ਕੌਂਸਲਰਾਂ ਵਲੋਂ ਕੀਤੀ ਇਸ ਮੀਟਿੰਗ ਵਿਚ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ 11 ਕੌਂਸਲਰ ਸ਼ਾਮਲ ਸਨ। ਜਦਕਿ ਕੌਂਸਲ ਪ੍ਰਧਾਨ ਅਤੇ ਅਕਾਲੀ ਦਲ ਨਾਲ ਸੰਬੰਧਤ ਕੌਂਸਲਰ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਕੌਂਸਲ ਦੇ ਪ੍ਰਧਾਨ ਸ਼ੇਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮ.ਸੀ. ਐਕਟ ਦੀ ਧਾਰਾ 25 ਦੇ ਨਿਯਮਾਂ ਅਨੁਸਾਰ ਮੀਟਿੰਗ ਨੂੰ ਗੈਰ ਸੰਵਿਧਾਨਿਕ ਅਤੇ ਗ਼ਲਤ ਕਰਾਰ ਦਿੰਦੇ ਹੋਏ

ਕਿਹਾ ਕਿ ਮੀਟਿੰਗ ਦੀ ਕਾਰਵਾਈ ਰੱਦ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਵਲੋਂ ਸਬੰਧਤ ਉਚ ਅਧਿਕਾਰੀਆਂ ਅਤੇ ਡੀਸੀ ਨੂੰ ਪੱਤਰ ਲਿਖਿਆ ਜਾਵੇਗਾ। ਜਦਕਿ ਵਿਧਾਇਕ ਕੁਲਜੀਤ ਸਿੰਘ ਨਾਗਰਾ ਵਲੋਂ ਮੀਟਿੰਗ ਨੂੰ ਜਾਇਜ਼ ਦਸਿਆ। ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਕੌਂਸਲ ਦੀਆਂ ਮੁਲਤਵੀ ਹੋ ਰਹੀਆਂ ਮੀਟਿੰਗਾਂ ਕਾਰਨ ਸ਼ਹਿਰ ਦੇ ਵਿਕਾਸ ਕੰਮ ਪ੍ਰਭਾਵਿਤ ਹੋ ਰਹੇ ਹਨ, ਜਿਸ ਨੂੰ ਲੈ ਕੇ ਕਾਂਗਰਸ ਦੇ 9 ਕੌਂਸਲਰਾਂ ਨੇ 13 ਜੂਨ ਨੂੰ ਕੌਂਸਲ ਪ੍ਰਧਾਨ ਨੂੰ ਪੱਤਰ ਲਿਖ ਕੇ ਮੀਟਿੰਗ ਬੁਲਾਉਣ ਲਈ ਕਿਹਾ ਸੀ। ਉਨ੍ਹਾਂ ਦਸਿਆ ਕਿ ਨਿਯਮਾਂ ਅਨੁਸਾਰ ਪੱਤਰ ਮਿਲਣ ਤੋਂ ਬਾਅਦ ਪ੍ਰਧਾਨ ਨੂੰ 14 ਦਿਨਾਂ ਅੰਦਰ ਮੀਟਿੰਗ ਬੁਲਾਉਣ ਲਈ ਏਜੰਡਾ ਅਤੇ ਮੀਟਿੰਗ ਦੀ ਤਾਰੀਕ

ਜਾਰੀ ਕਰਨੀ ਹੁੰਦੀ ਹੈ। ਜਦੋਂ ਕਿ 26 ਜੂਨ ਤਕ 14 ਦਿਨ ਲੰਘ ਜਾਣ ਦੇ ਬਾਵਜੂਦ ਵੀ ਕੌਂਸਲ ਪ੍ਰਧਾਨ ਨੇ ਮੀਟਿੰਗ ਨਹੀਂ ਬੁਲਾਈ ਤਾਂ ਕਾਂਗਰਸ ਦੇ 9 ਮੈਂਬਰਾਂ ਨੇ 27 ਜੂਨ ਨੂੰ ਏਜੰਡਾ ਜਾਰੀ ਕਰ ਕੇ 29 ਜੂਨ ਨੂੰ ਮੀਟਿੰਗ ਰੱਖੀ ਸੀ ਜੋ ਕਿ ਕੌਂਸਲ ਐਕਟ ਦੇ ਨਿਯਮਾਂ ਅਨੁਸਾਰ ਸੀ। ਮੀਟਿੰਗ ਵਿਚ ਪ੍ਰਧਾਨ ਸ਼ਾਮਲ ਨਾ ਹੋਣ 'ਤੇ ਹਾਜ਼ਰ ਮੈਂਬਰਾਂ ਨੇ ਮੀਟਿੰਗ ਦੀ ਕਾਰਵਾਈ ਚਲਾਉਣ ਲਈ ਆਰਜ਼ੀ ਤੌਰ 'ਤੇ ਕੌਂਸਲਰ ਅਸ਼ੋਕ ਸੂਦ ਨੂੰ ਚੇਅਰਮੈਨ ਚੁਣਿਆ ਅਤੇ ਮੀਟਿੰਗ 'ਚ ਸ਼ਾਮਲ ਕੌਂਸਲਰਾਂ ਨੇ 13 ਮਤੇ ਪਾਸ ਕੀਤੇ। ਵਿਧਾਇਕ ਨਾਗਰਾ ਨੇ ਕਿਹਾ ਕਿ ਨਿਯਮਾਂ ਅਨੁਸਾਰ ਬੁਲਾਈ ਮੀਟਿੰਗ ਨੂੰ ਕੌਂਸਲ ਪ੍ਰਧਾਨ ਨੇ ਮੀਟਿੰਗ ਹਾਲ 'ਚ ਨਹੀਂ ਹੋਣ ਦਿਤਾ, ਜਿਸ ਕਾਰਨ ਉਨ੍ਹਾਂ ਨੇ

ਕਾਰਜਸਾਧਕ ਦੇ ਦਫ਼ਤਰ ਵਿਚ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਅਪਣਾ ਬਹੁਮਤ ਖੋਹ ਚੁਕੇ ਹਨ ਤੇ ਨੈਤਿਕਤਾ ਦੇ ਅਧਾਰ 'ਤੇ ਉਨ੍ਹਾਂ ਨੂੰ ਅਪਣੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।ਉਧਰ, ਕੌਂਸਲ ਪ੍ਰਧਾਨ ਸ਼ੇਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ 8 ਕੌਂਸਲਰਾਂ ਵਲੋਂ ਮੀਟਿੰਗ ਬੁਲਾਉਣ ਦਾ ਪੱਤਰ ਉਨ੍ਹਾਂ ਨੂੰ ਈ.ਓ. ਵਲੋਂ 14 ਜੂਨ ਨੂੰ ਮਿਲਿਆ ਸੀ ਅਤੇ ਨਿਯਮਾਂ ਅਨੁਸਾਰ 14 ਦਿਨਾਂ ਅੰਦਰ 27 ਜੂਨ ਨੂੰ ਉਨ੍ਹਾਂ ਨੇ 11 ਜੁਲਾਈ ਲਈ ਮੀਟਿੰਗ ਬੁਲਾਉਣ ਦਾ ਏਜੰਡਾ ਜਾਰੀ ਕੀਤਾ ਸੀ, ਪੰ੍ਰਤੂ ਕਾਂਗਰਸੀ ਕੌਂਸਲਰਾਂ ਅਤੇ ਵਿਧਾਇਕ ਵਲੋਂ ਜੋ ਅੱਜ ਮੀਟਿੰਗ ਬੁਲਾਈ ਗਈ, ਉਹ ਨਿਯਮਾਂ ਅਨੁਸਾਰ ਨਹੀਂ ਸੀ।