ਪਹਿਲੀ ਬਰਸਾਤ ਨੇ ਕਿਸਾਨਾਂ ਨੂੰ ਤਾਰਿਆ, ਸ਼ਹਿਰੀਆਂ ਨੂੰ ਡੋਬਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਪੱਟੀ 'ਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਹੈ ਉਥੇ ਸ਼ਹਿਰ 'ਚ ਥਾਂ-ਥਾਂ ਪਾਣੀ ਖ਼ੜਾ ਹੋਣ ਕਾਰਨ ........

Rain water on Bathinda's Power House Road

ਬਠਿੰਡਾ : ਬਠਿੰਡਾ ਪੱਟੀ 'ਚ ਮਾਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਹੈ ਉਥੇ ਸ਼ਹਿਰ 'ਚ ਥਾਂ-ਥਾਂ ਪਾਣੀ ਖ਼ੜਾ ਹੋਣ ਕਾਰਨ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ ਹਨ। ਹਾਲਾਂਕਿ ਪਿਛਲੇ ਦਿਨਾਂ 'ਚ ਛੱਪੜਾਂ ਅਤੇ ਸੀਵਰ ਦੀ ਹੋਈ ਸਫ਼ਾਈ ਕਾਰਨ ਨਿਗਮ ਅਧਿਕਾਰੀਆਂ ਨੂੰ ਕੁੱਝ ਰਾਹਤ ਮਿਲੀ। ਲਗਾਤਾਰ ਮੋਟਰਾਂ ਚੱਲਣ ਕਾਰਨ ਪਾਵਰ ਹਾਊਸ ਰੋਡ ਤੇ ਕੁੱਝ ਹੋਰ ਥਾਵਾਂ ਨੂੰ ਛੱਡ ਬਾਕੀ ਸ਼ਹਿਰ ਦੇ ਕਈ ਹਿੱਸਿਆ ਵਿਚ ਕਰੀਬ ਡੇਢ-ਦੋ ਘੰਟਿਆਂ ਵਿਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਹੋ ਗਈ। ਉਂਜ ਵੀ ਪਹਿਲੀ ਬਰਸਾਤ ਦੌਰਾਨ ਸ਼ਹਿਰ 'ਚ ਕਰੀਬ 22ਐਮ.ਐਮ ਹੀ ਪਾਣੀ ਡਿੱਗਿਆ ਹੈ

ਜਦੋਂ ਕਿ ਨਿਗਮ ਅਧਿਕਾਰੀਆਂ ਦੀ ਅਸਲੀ ਪ੍ਰੀਖ੍ਰਿਆ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਸਾਂ ਦਰਮਿਆਨ ਹੋਣੀ ਹੈ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਜ਼ਿਲ੍ਹੇ ਭਰ ਵਿਚ ਕਰੀਬ 20 ਐਮ.ਐਮ ਬਾਰਸ਼ ਰਿਕਾਰਡ ਕੀਤੀ ਗਈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਮਾਹਰਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਉਧਰ ਇਸ ਬਾਰਸ਼ ਨੇ ਫ਼ਸਲਾਂ ਲਈ ਘਿਓ ਦਾ ਕੰਮ ਕੀਤਾ ਹੈ। ਧਰਤੀ ਹੇਠਲਾਂ ਪਾਣੀ ਮਾੜਾ ਹੋਣ ਕਾਰਨ ਮੋੜ ਅਤੇ ਤਲਵੰਡੀ ਸਾਬੋ ਦੇ ਕਈ ਪਿੰਡਾਂ 'ਚ ਸੈਕੜੇ ਏਕੜ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ। ਜਦੋਂ ਕਿ ਨਹਿਰੀ ਪਾਣੀ ਦੀ ਘਾਟ ਸੀ। ਜਿਸਦੇ ਚੱਲਦੇ ਮੀਂਹ ਨੇ ਹੁਣ ਕਿਸਾਨਾਂ ਦੀ ਬਾਂਹ ਫ਼ੜੀ ਹੈ।

ਖੇਤੀਬਾੜੀ ਵਿਭਾਗ ਦੇ ਮਾਹਰ ਡਾ ਬਲਜੀਤ ਸਿੰਘ ਬਰਾੜ ਨੇ ਦਸਿਆ ਕਿ ਇਹ ਬਾਰਸ਼ ਸਾਰੀਆਂ ਹੀ ਫ਼ਸਲਾਂ ਲਈ ਲਾਹੇਵੰਦ ਹੈ ਬਸਰਤੇ ਕਿ ਆਉਣ ਵਾਲੇ ਦਿਨਾਂ 'ਚ ਜਿਆਦਾ ਬਾਰਸ਼ ਨਾ ਹੋਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਝੋਨੇ ਲਈ ਪਾਣੀ ਦੀ ਜਿਆਦਾ ਜਰੂਰਤ ਹੈ ਪ੍ਰੰਤੂ ਨੀਵੇਂ ਖੇਤਾਂ ਵਿਚ ਪਾਣੀ ਖ਼ੜਣ ਕਾਰਨ ਨਰਮੇ ਤੇ ਸਬਜੀਆਂ ਦਾ ਨੁਕਸਾਨ ਹੋ ਸਕਦਾ ਹੈ। ਦਸਣਾ ਬਣਦਾ ਹੈ ਕਿ ਮਾਨਸੂਨ ਸ਼ੁਰੂ ਹੋਣ ਕਾਰਨ ਬਿਜਲੀ ਦੀ ਮੰਗ ਵੀ ਘਟ ਗਈ ਹੈ। ਕਿਸਾਨ ਮੀਂਹ ਦੇ ਪਾਣੀ ਖੇਤਾਂ ਵਿਚ ਖੜਣ ਕਾਰਨ ਝੋਨਾ ਲਗਾ ਰਹੇ ਹਨ। ਉਧਰ ਹਰ ਵਾਰ ਦੀ ਤਰ੍ਹਾਂ ਬਠਿੰਡਾ ਸ਼ਹਿਰ ਦੇ ਨੀਵੇਂ ਹਿੱਸਿਆ ਵਿਚ ਪਾਣੀ ਖ਼ੜਣ ਕਾਰਨ ਸ਼ਹਿਰੀਆਂ ਨੂੰ ਭਾਰੀ ਸਮੱਸਿਆਵਾਂ

ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਸ਼ੱਕ ਅੱਜ ਜਿਆਦਾ ਬਾਰਸ਼ ਨਹੀਂ ਹੋਈ ਪ੍ਰੰਤੂ ਫ਼ਿਰ ਵੀ ਸ਼ਹਿਰ ਦੇ ਕਈ ਹਿੱਸਿਆ ਪਾਵਰ ਹਾਊਸ ਰੋਡ, ਸਿਵਲ ਲਾਈਨ, ਮਿੰਨੀ ਸਕੱਤਰੇਤ, ਡੀ.ਆਈ.ਜੀ, ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਆਦਿ ਅਫ਼ਸਰਾਂ ਦੀ ਰਿਹਾਇਸ਼ ਤੋਂ ਇਲਾਵਾ ਸਿਰਕੀ ਬਜ਼ਾਰ, 100 ਫੁੱਟੀ ਰੋਡ, ਧੋਬੀਆਣਾ ਖੇਤਰ, ਵੀਰ ਕਲੌਨੀ ਆਦਿ ਖੇਤਰਾਂ ਵਿਚ ਪਾਣੀ ਖੜ ਗਿਆ। ਵਿਤ ਮੰਤਰੀ ਦਾ ਇਲਾਕਾ ਹੋਣ ਕਾਰਨ ਨਿਗਮ ਅਧਿਕਾਰੀ ਤੇ ਕਰਮਚਾਰੀ ਇਸ ਪਾਣੀ ਦੀ ਨਿਕਾਸੀ ਲਈ ਇੱਕ ਲੱਤ 'ਤੇ ਡਟੇ ਹੋਏ ਦਿਖ਼ੇ। ਇਕੱਲੇ ਪਾਵਰ ਹਾਊਸ ਰੋਡ ਨੂੰ ਛੱਡ ਸ਼ਹਿਰ ਦੇ ਜਿਆਦਾਤਰ ਬਾਕੀ ਹਿੱਸਿਆ ਵਿਚੋਂ ਪਾਣੀ ਦੀ ਨਿਕਾਸੀ ਹੋ ਗਈ ਸੀ।

ਨਿਗਮ ਦੇ ਐਕਸੀਅਨ ਦਵਿੰਦਰ ਜੋੜਾ ਨੇ ਦਾਅਵਾ ਕੀਤਾ ਕਿ ਪਿਛਲੇ ਦਿਨਾਂ 'ਚ ਛੱਪੜਾਂ ਤੇ ਸੀਵਰ ਦੀ ਸਫ਼ਾਈ ਕਾਰਨ ਪਾਣੀ ਦੀ ਨਿਕਾਸੀ ਜਲਦੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਭਾਰੀ ਬਾਰਸਾਂ ਨੂੰ ਦੇਖਦੇ ਹੋਏ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਾਵਰਹਾਊਸ ਰੋਡ ਸਬੰਧੀ ਉਨ੍ਹਾਂ ਦਸਿਆ ਕਿ ਇੱਥੇ ਚੱਲ ਰਹੀਆਂ ਮੋਟਰਾਂ ਦੇ ਇੱਕ ਹਿੱਸੇ ਵਿਚ ਨੁਕਸ ਕਾਰਨ ਦੇਰੀ ਹੋ ਗਈ ਹੈ।

ਗੌਰਤਲਬ ਹੈ ਕਿ ਵਿਤ ਮੰਤਰੀ ਤੇ ਇਸ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਤੋਂ ਪਹਿਲਾਂ ਬਠਿੰਡਾ ਲਈ ਅਲੱਗ ਤੋਂ ਜਾਰੀ ਕੀਤੇ ਚੋਣ ਮੈਨੀਫ਼ੇਸਟੋ ਵਿਚ ਸ਼ਹਿਰੀਆਂ ਨੂੰ ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦਾ ਐਲਾਨ ਕੀਤਾ ਸੀ। ਜਿਸਦੇ ਚੱਲਦੇ ਛੱਪੜਾਂ ਦੀ ਸਾਫ਼ ਸਫ਼ਾਈ ਤੋਂ ਇਲਾਵਾ ਮੇਨ ਪਾਈਪ ਲਾਈਨ ਦਾ ਕੰਮ ਤੇਜੀ ਨਾਲ ਚਲਾਇਆ ਜਾ ਰਿਹਾ।