ਅਮਰੀਕਾ ਦੇ ਰਸਤੇ 'ਚ ਗੁੰਮ ਹੋਏ 6 ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ.......

Satnam Singh Chahal and Victim Families

ਜਲੰਧਰ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੂੰ ਲਿਖੇ ਵੱਖ-ਵੱਖ ਪੱਤਰਾਂ ਰਾਹੀਂ ਮੰਗ ਕੀਤੀ ਹੈ ਕਿ ਅਮਰੀਕਾ ਨੂੰ ਜਾਂਦਿਆਂ ਰਸਤੇ ਵਿਚ ਗੁੰਮ ਹੋਏ 6 ਪੰਜਾਬੀ ਨੌਜਵਾਨਾਂ ਦੇ ਪੀੜਤ ਪਰਵਾਰਾਂ ਦੀ ਸਾਰ ਲੈਣ ਲਈ ਤੁਰਤ ਅੱਗੇ ਆਉਣ। ਚਾਹਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀਜੀਪੀ ਪੰਜਾਬ ਨੂੰ ਇਹ ਚਿੱਠੀਆਂ ਉਸ ਵਕਤ ਲਿਖੀਆਂ ਜਦੋਂ ਗੁੰਮ ਹੋਏ ਇਨ੍ਹਾਂ ਨੌਜਵਾਨਾਂ ਦੇ ਪੀੜਤ ਪਰਵਾਰ ਉਨ੍ਹਾਂ ਕੋਲ ਅਪਣਾ ਦੁਖੜਾ ਦੱਸਣ ਲਈ ਨਾਪਾ ਦੇ ਜਲੰਧਰ ਸਥਿਤ ਦਫ਼ਤਰ ਵਿਚ ਆਏ।

ਚਾਹਲ ਨੇ ਕਿਹਾ ਕਿ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਦਾ ਜਦ ਤਕ ਕੋਈ ਥਹੁ-ਪਤਾ ਨਹੀਂ ਲੱਗਦਾ ਉਦੋਂ ਤਕ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ ਜ਼ਿੰਮੇਵਾਰ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲਾਂ ਦੀਆਂ ਸਲਾਖ਼ਾਂ ਪਿੱਛੇ ਭੇਜਿਆ ਜਾਵੇ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿਚ ਗ਼ੈਰ ਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਦਿਨੋਂ-ਦਿਨ ਜ਼ੋਰ ਫੜਦਾ ਜਾ ਰਿਹਾ ਹੈ ਪਰ ਸਰਕਾਰ ਤੇ ਸੁਰੱਖਿਆ ਏਜੰਸੀਆਂ ਇਸ ਧੰਦੇ ਨੂੰ ਰੋਕਣ ਦੀ ਬਜਾਏ ਮੂਕ-ਦਰਸ਼ਕ ਬਣੀਆਂ ਬੈਠੀਆਂ ਹਨ।

ਉਨ੍ਹਾਂ ਦਸਿਆ ਕਿ ਉਹ ਆਪ ਖ਼ੁਦ ਵੀ ਅਮਰੀਕਾ ਬਾਰਡਰ ਦੇ ਨਜ਼ਦੀਕ ਟਾਪੂ ਦੀ ਰਾਇਲ ਪੁਲਿਸ ਆਫ਼ ਗਰੈਂਡ ਬਹਾਮਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਇਨ੍ਹਾਂ ਗੁੰਮ ਹੋਏ ਨੌਜਵਾਨਾਂ ਬਾਰੇ ਪਤਾ ਲਾਉਣ ਦਾ ਯਤਨ ਕਰ ਰਹੇ ਹਨ। ਜੇ ਲੋੜ ਪਾਈ ਤਾਂ ਉਹ ਨਿਜੀ ਤੌਰ 'ਤੇ ਰੋਇਲ ਪੁਲਿਸ ਆਫ਼ ਗ੍ਰੈਂਡ ਬਹਾਮਸ ਅਧਿਕਾਰੀਆਂ ਨੂੰ ਮਿਲਣ ਲਈ ਗਰੈਂਡ ਬਹਾਮਸ ਜਾਣਗੇ।