ਚੰਡੀਗੜ੍ਹੀਆਂ 'ਤੇ ਪਾਇਆ ਟੈਕਸਾਂ ਦਾ ਭਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਵਿਚ ਹੰਗਾਮੇ ਭਰਪੂਰ...

Municipal Corporation Meeting

ਚੰਡੀਗੜ੍ਹ, ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਦਿਵੇਸ਼ ਮੋਦਗਿਲ ਅਤੇ ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਵਿਚ ਹੰਗਾਮੇ ਭਰਪੂਰ ਹੋਈ। ਮੀਟਿੰਗ ਵਿਚ ਮਿਊਂਸਪਲ ਕਾਰਪੋਰੇਸ਼ਨ ਵਿਕਾਸ ਪੱਖੋ ਮਾੜੀ ਕਾਰਗੁਜ਼ਾਰੀ ਅਤੇ ਲੋਕਾਂ 'ਤੇ ਲਾਏ ਜਾ ਰਹੇ ਬੇਲੋੜੇ ਟੈਕਸਾਂ ਦੀ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਬਲਾ ਅਤੇ ਭਾਜਪਾ ਕੌਂਸਲਰਾਂ 'ਚ ਆਪਸੀ ਤੂੰ-ਤੂੰ, ਮੈਂ-ਮੈਂ ਵੀ ਚਰਚਾ ਦੀ ਵਿਸ਼ਾ ਬਣੀ ਰਹੀ।

ਇਸ ਮੀਟਿੰਗ ਵਿਚ ਨਗਰ ਨਿਮ ਵਲੋਂ ਕੁੱਤਿਆਂ ਦੀ ਰਜਿਸਟਰੇਸ਼ਨ ਫ਼ੀਸ ਵਿਚ ਵਾਧਾ ਕਰਨ ਅਤੇ ਬਿਜਲੀ, ਪਾਣੀ, ਨਵੇਂ ਖ਼ਰੀਦੇ ਦੋ ਪਹੀਆਂ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ 'ਤੇ ਗਊ ਟੈਕਸ ਲਾਉਣ ਸਮੇਤ ਕਈ ਹੋਰ ਏਜੰਡੇ ਪਾਸ ਕੀਤੇ। ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਦੇ ਲੋਕਾਂ 'ਤੇ ਗਊ ਟੈਕਸ ਲਾਉਣ ਦਾ ਫ਼ੈਸਲਾ: ਮਿਊਂਸਪਲ ਕਾਰਪੋਰੇਸ਼ਨ ਵਲੋਂ ਪੰਜਾਬ ਗਊ ਹਤਿਆ ਰੋਕਥਾਮ ਐਕਟ 1995 ਦੀ ਧਾਰਾ 7 ਅਧੀਨ 1956 ਸ਼ਹਿਰ ਦੀਆਂ ਗਊਸ਼ਾਲਾਵਾਂ ਵਿਚ ਰਹਿੰਦੀਆਂ ਗਊਆਂ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਸ਼ਹਿਰ ਦੇ ਲੋਕਾਂ 'ਤੇ ਕੁਝ ਟੈਕਸ ਲਾਉਣ ਦਾ ਮਤਾ ਪਾਸ ਕੀਤਾ।

ਇਸ ਨਿਯਮ ਅਧੀਨ ਸ਼ਰਾਬ ਦੀ ਬੋਤਲ 'ਤੇ 10 ਰੁਪਏ ਅਤੇ ਬੀਅਰ ਦੀ ਵਿਕਰੀ 'ਤੇ 5 ਰੁਪਏ, ਦੋ ਪਹੀਆ ਵਾਹਨਾਂ 'ਤੇ 200 ਰੁਪਏ ਪ੍ਰਤੀ ਵਾਹਨ ਰਜਿਸਟਰੇਸ਼ਨ, ਚਾਰ ਪਹੀਆ ਵਾਹਨਾਂ ਲਈ 500 ਰੁਪਏ, ਬਿਜਲੀ ਦੀ ਪ੍ਰਤੀ ਯੂਨਿਟ 2 ਪੈਸੇਸ ਤੇ ਗਊ ਟੈਕਸ ਅਦਾ ਕਰਨ ਪਵੇਗਾ। ਨਗਰ ਨਿਗਮ ਕੋਲ ਲਗਭਗ 1500 ਤੋਂ ਵੱਧ ਗਊਆਂ ਮੌਜੂਦ ਹਨ ਜਿਨ੍ਹਾਂ ਨੂੰ ਵੱਖ-ਵੱਖ ਗਊਸ਼ਾਲਾਵਾਂ ਵਿਚ ਰਖਿਆ ਗਿਆ।

ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਹੋਈ ਮਹਿੰਗੀ : ਮਿਊਂਸਪਲ ਕਾਰਪੋਰੇਸ਼ਨ ਵਲੋਂ ਸ਼ਹਿਰ ਵਿਚ ਘਰਾਂ 'ਚ ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਨਵੇਂ ਸਿਰਿਉਂ ਵਧਾ ਕੇ 200 ਰੁਪਏ ਤੋਂ 500 ਰੁਪਏ ਕਰ ਦਿਤੀ ਹੈ। ਇਸ ਮੌਕੇ ਨਗਰ ਨਿਗਮ ਵਲੋਂ ਖੁਲ੍ਹੇਆਮ ਪਾਰਕਾਂ ਵਿਚ ਕੁੱਤਿਆਂ ਨੂੰ ਜੰਗਲ ਪਾਣੀ ਲਿਜਾਣ 'ਤੇ ਮੁਕੰਮਲ ਪਾਬੰਦੀ ਲਾ ਦਿਤੀ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 5 ਹਜ਼ਾਰ ਦਾ ਜੁਰਮਾਨਾ ਲਾਇਆ ਜਾਵੇਗਾ। 

ਨਗਰ ਨਿਗਮ ਦੀ ਆਮਦਨ ਵਧਾਉਣ ਲਈ ਭਖਵੀਂ ਚਰਚਾ: ਨਗਰ ਨਿਗਮ ਦੇ ਜਨਰਲ 'ਚ ਪੇਸ਼ ਏਜੰਡੇ ਰਾਹੀਂ ਨਿਗਮ ਦੀ ਆਮਦਨ ਵਧਾਉਣ ਲਈ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕੌਂਸਲਰਾਂ ਦੇ ਸੁਝਾਅ ਮੰਗੇ। ਇਸ ਮੌਕੇ ਕਈ ਕੌਂਸਲਰਾਂ ਨੇ ਦਿੱਲੀ ਵਿੱਤ ਕਮਿਸ਼ਨਰ ਦੀਆਂ ਸਿਫ਼ਾਰਸ਼ਾਂ ਦੇ ਹੱਕ ਵਿਚ 30 ਫ਼ੀ ਸਦੀ ਪ੍ਰਸ਼ਾਸਨ ਦੀ ਕਮਈ ਦਾ ਹਿੱਸਾ ਮੰਗਣ ਲਈ ਚੰਡੀਗੜ੍ਹ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਅਤੇ ਕੇਂਦਰੀ ਵਿੱਤ ਮੰਤਰੀ ਕੋਲ ਪਹੁੰਚ ਕਰਨ ਲਈ ਕਮਿਸ਼ਨਰ ਚਿੱਠੀ ਵੀ ਲਿਖੇਗਾ।

ਸੈਕਟਰ 41 ਦੀ ਮੱਛੀ ਮਾਰਕੀਟ 'ਚ ਟਰੇਡ ਬਦਲ ਕੇ ਕੰਮ ਕਰ ਸਕਣਗੇ ਦੁਕਾਨਦਾਰ : ਨਗਰ ਨਿਗਮ ਵਲੋਂ ਕਈ ਵਰ੍ਹਿਆਂ ਤੋਂ ਸੈਕਟਰ-41 ਦੀ ਮਾਰਕੀਟ ਵਿਚ ਏਅਰ ਕੰਡੀਸ਼ਨ ਬਣੀ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਮਾਰਕੀਟ ਵਿਚ ਨਗਰ ਨਿਗਮ ਨੇ ਟਰੇਡ ਬਦਲ ਕੇ ਕੰਮ ਕਰਨ ਦੀ ਵਿਵਸਥਾ ਲਈ ਨਿਯਮ ਤਹਿ ਕੀਤੇ। ਇਸ ਮੌਕੇ ਨਗਰ ਨਿਗਮ ਨੇ ਦੁਕਾਨਾਂ ਦਾ ਕਿਰਾਇਆ 15 ਹਜ਼ਾਰ ਤੋਂ ਘਟਾ ਕੇ 12 ਹਜ਼ਾਰ ਰੁਪਏ ਪ੍ਰਤੀ ਦੁਕਾਨ ਕਰਨ ਨੂੰ ਪ੍ਰਵਾਨਗੀ ਦਿਤੀ। 

ਮੀਟਿੰਗ ਵਿਚ ਨਗਰ ਨਿਗਮ ਵਲੋਂ ਮਲੋਆ 'ਚ 125 ਗਜ ਦੇ ਅਲਾਟ ਕੀਤੇ 53 ਪਲਾਟ ਦੀ ਲੀਜ਼ 'ਤੇ ਆਧਾਰਤ ਕਿਰਾਏ ਵਾਧਾ ਕਰਨ ਅਤੇ ਹੋਰ ਸ਼ਰਤਾਂ ਤਹਿ ਕਰਨ ਸਮੇਤ ਸ਼ਹਿਰ ਦੇ ਵਿਕਾਸ ਲਈ ਕਈ ਏਜੰਡੇ ਪਾਸ ਕੀਤੇ ਗਏ। ਇਸ ਦੌਰਾਨ ਵਿਕਾਸ ਦੇ ਕੋਈ ਖ਼ਾਸ ਏਜੰਡੇ ਨਾ ਹੋਣ ਕਰ ਕੇ, ਸਗੋਂ ਟੈਕਸਾਂ ਦੇ ਏਜੰਡੇ ਪਾਸ ਕਰਨ ਵਾਲੀ ਮੀਟਿੰਗ ਹੋ ਨਿਬੜੀ, ਜਿਸ ਨਾਲ ਕਾਂਗਰਸੀ ਤੇ ਭਾਜਪਾ ਕੌਂਸਲਰਾਂ ਵਿਚ ਤਿੱਖੀਆਂ ਝੜਪਾਂ ਵੀ ਹੋਈਆਂ