ਸਹੁਰਾ ਪਰਿਵਾਰ ਤੋਂ ਤੰਗ ਔਰਤ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਹਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਵਿਚ ਪਤੀ ਦੀ ਮੌਤ ਦੇ 10 ਸਾਲ ਬਾਅਦ ਸਹੁਰੇ ਪਰਵਾਰ ਤੋਂ ਪ੍ਰੇਸ਼ਾਨ ਇਕ ਔਰਤ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ...

Poison

ਐਸ.ਏ.ਐਸ. ਨਗਰ, ਸੋਹਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਵਿਚ ਪਤੀ ਦੀ ਮੌਤ ਦੇ 10 ਸਾਲ ਬਾਅਦ ਸਹੁਰੇ ਪਰਵਾਰ ਤੋਂ ਪ੍ਰੇਸ਼ਾਨ ਇਕ ਔਰਤ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਔਰਤ ਦੀ ਪਛਾਣ ਦਵਿੰਦਰ ਕੌਰ (47) ਵਜੋਂ ਹੋਈ ਹੈ ਜੋ ਮੂਲ ਰੂਪ ਤੋਂ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਅਮਰਾਲਾ ਦੀ ਰਹਿਣ ਵਾਲੀ ਸੀ। ਸੋਹਾਣਾ ਪੁਲਿਸ ਨੇ ਮ੍ਰਿਤਕ ਔਰਤ ਦੇ ਪਿਤਾ ਮਹਿੰਦਰ ਸਿੰਘ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੀ ਸੱਸ ਜਸਵੰਤ ਕੌਰ, ਨਣਦ ਮੰਜੀਤ ਕੌਰ 'ਤੇ ਨਨਾਣ ਦੀ ਨੂੰਹ ਦਲਬੀਰ ਕੌਰ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਇਸ ਸਬੰਧੀ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਨੇ ਦਸਿਆ ਕਿ ਉਸ ਦੀ ਭੈਣ ਦਵਿੰਦਰ ਕੌਰ ਦਾ ਪਤੀ ਹੈਲਥ ਵਿਭਾਗ ਦੇ ਕਲਾਸ ਫ਼ੋਰਥ ਵਿਚ ਸਰਕਾਰੀ ਨੌਕਰੀ ਕਰਦਾ ਸੀ। ਸਾਲ 2009 ਵਿਚ ਉਸ ਦੇ ਪਤੀ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਜਿਸ ਦੀ ਜਗ੍ਹਾ ਉਸ ਦੇ ਲੜਕੇ ਨੂੰ ਨੌਕਰੀ ਮਿਲੀ ਸੀ। ਉਸ ਨੇ ਦਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਤੋਂ ਉਸ ਦੀ ਭੈਣ ਨੂੰ ਉਸ ਦੀ ਸੱਸ, ਨਨਾਣ 'ਤੇ ਨਨਾਣ ਦੀ ਨੂੰਹ ਕਾਫ਼ੀ ਪ੍ਰੇਸ਼ਾਨ ਕਰਦੀ ਸੀ। ਉਸ ਨੇ ਦਸਿਆ ਕਿ ਉਸ ਦੀ ਭੈਣ ਨੂੰ ਕਈ ਵਾਰ ਤਿੰਨੇ ਔਰਤਾਂ ਵਲੋਂ ਕਮਰੇ ਵਿਚ ਬੰਦ ਕਰ ਕੇ ਕੁੱਟਮਾਰ ਵੀ ਕੀਤੀ ਗਈ ਹੈ

ਜਿਸ ਬਾਰੇ ਉਸ ਨੇ ਉਨ੍ਹਾਂ ਨੂੰ ਦਸਿਆ ਵੀ ਸੀ ਪਰ ਘਰੇਲੂ ਮਾਮਲਾ ਹੋਣ ਕਰ ਕੇ ਉਹ ਸਮਝੌਤਾ ਕਰਵਾ ਦਿੰਦੇ ਸਨ। ਉਸ ਨੇ ਦਸਿਆ ਕਿ ਵੀਰਵਾਰ ਦੁਪਹਿਰ 12.30 ਵਜੇ ਉਸ ਦੀ ਭੈਣ ਦਾ ਫ਼ੋਨ ਆਇਆ ਕਿ ਉਸ ਦੀ ਸੱਸ 'ਤੇ ਨਨਾਣ ਉਸ ਨੂੰ ਜਾਨ ਤੋਂ ਮਾਰ ਦੇਵੇਗੀ। ਬਲਵਿੰਦਰ ਸਿੰਘ ਅਨੁਸਾਰ ਉਨ੍ਹਾਂ ਅਪਣੀ ਭੈਣ ਨੂੰ ਕਿਹਾ ਕਿ ਉਹ ਧੀਰਜ ਰੱਖੇ ਅਤੇ ਉਹ ਘਰ ਆ ਕੇ ਗੱਲ ਕਰਦੇ ਹਨ ਪਰ ਅੱਧੇ ਘੰਟੇ ਬਾਅਦ ਮੁੜ ਉਸ ਦੇ ਭਾਣਜੇ ਦਾ ਫ਼ੋਨ ਆਇਆ ਕਿ ਉਸ ਦੀ ਮਾਂ ਨੇ ਜ਼ਹਿਰ ਪੀ ਲਿਆ ਹੈ, ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ। 

ਸਿਵਲ ਹਸਪਤਾਲ ਪਹੁੰਚਦਿਆਂ ਹੀ ਉਸ ਦੀ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਸੈਕਟਰ-32 ਰੈਫ਼ਰ ਕਰ ਦਿਤਾ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਮਹਿੰਦਰ ਸਿੰਘ ਦੇ ਬਿਆਨਾ 'ਤੇ ਉਕਤ ਔਰਤਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।