ਅੱਗ ਦਾ ਸ਼ਿਕਾਰ ਹੋਏ ਝੁੱਗੀ ਵਾਲਿਆਂ ਦੀ ਮਦਦ ਲਈ ਆਈ 'ਖ਼ਾਲਸਾ ਏਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰੇ ਝੁੱਗੀ ਵਾਸੀਆਂ ਨੂੰ ਮੰਜੇ, ਰਾਸ਼ਣ, ਸੈਨੇਟਰੀ ਕਿੱਟ ਤੇ ਹੋਰ ਸਮਾਨ ਵੰਡਿਆ

Khalsa Aid Help The Victime Of Fire

ਅੰਮ੍ਰਿਤਸਰ- ਅੰਮ੍ਰਿਤਸਰ ਦੇ ਚਮਰੰਗ ਰੋਡ ਵਿਖੇ ਅੱਗ ਲੱਗਣ ਨਾਲ ਵਾਪਰੇ ਭਿਆਨਕ ਹਾਦਸੇ ਨੇ 500 ਦੇ ਕਰੀਬ ਗ਼ਰੀਬ ਲੋਕਾਂ ਨੂੰ ਘਰ ਤੋਂ ਬੇਘਰ ਕਰਕੇ ਰੱਖ ਦਿੱਤਾ ਅਜਿਹੇ ਵਿਚ ਹੁਣ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਖ਼ਾਲਸਾ ਏਡ' ਨੇ ਇਨ੍ਹਾਂ ਲੋਕਾਂ ਦੀ ਬਾਂਹ ਫੜੀ ਹੈ। 84 ਦੇ ਕਰੀਬ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਕਾਰਨ ਗ਼ਰੀਬ ਲੋਕਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ

ਪਰ ਹੁਣ ਖ਼ਾਲਸਾ ਏਡ ਨੇ ਇਨ੍ਹਾਂ ਲੋਕਾਂ ਨੂੰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਹੈ ਜਿਸ ਵਿਚ ਸਾਰੇ ਝੁੱਗੀ ਵਾਸੀਆਂ ਨੂੰ 2-2 ਮੰਜੇ, ਰਾਸ਼ਣ, ਸੈਨੇਟਰੀ ਕਿੱਟ, ਬਾਲਟੀ ਅਤੇ ਹੋਰ ਸਮਾਨ ਦਿੱਤਾ ਗਿਆ। ਖ਼ਾਲਸਾ ਏਡ ਦੇ ਨਾਲ-ਨਾਲ ਕੁੱਝ ਹੋਰ ਸੰਸਥਾਵਾਂ ਅਤੇ ਲੋਕ ਵੀ ਇਨ੍ਹਾਂ ਗ਼ਰੀਬ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ

ਅਤੇ ਇਨ੍ਹਾਂ ਨੂੰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾ ਰਹੇ ਹਨ ਜਾਣਕਾਰੀ ਅਨੁਸਾਰ ਸਰਕਾਰ ਵੀ ਇਨ੍ਹਾਂ ਗ਼ਰੀਬ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਵਿਚ ਲੱਗੀ ਹੋਈ ਹੈ।

ਦੱਸ ਦਈਏ ਕਿ ਅੰਮ੍ਰਿਤਸਰ ਦੇ ਚਮਰੰਗ ਰੋਡ 'ਤੇ ਵਸੀ ਝੁੱਗੀ ਬਸਤੀ ਵਿਚ ਇਹ ਭਿਆਨਕ ਹਾਦਸਾ 27 ਜੂਨ ਨੂੰ ਵਾਪਰਿਆ ਸੀ, ਜਿਸ ਵਿਚ 84 ਝੁੱਗੀਆਂ ਅੱਗ ਵਿਚ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈਆਂ ਸਨ। ਗ਼ਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ।