ਰਿਸ਼ਵਤ ਮਾਮਲੇ 'ਚ ਐਸਐਚਓ ਜਸਵਿੰਦਰ ਕੌਰ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਸਪੈਕਟਰ ਨੀਰਜ ਸਰਨਾ ਮਨੀਮਾਜਰਾ ਦੇ ਐਸਐਚਓ ਤੈਨਾਤ ਰਿਸ਼ਵਤ ਦੀ ਰਕਮ ਨਾਲ ਮੋਹਾਲੀ ਵਾਸੀ ਵਿਚੋਲੇ ਵੀ ਕੀਤਾ ਕਾਬੂ

1

ਚੰਡੀਗੜ੍ਹ, 30 ਜੂਨ (ਤਰੁਣ ਭਜਨੀ) : ਮਨੀਮਾਜਰਾ ਥਾਣੇ ਵਿਚ ਸੋਮਵਾਰ ਦੇਰ ਰਾਤ ਹੋਈ ਸੀਬੀਆਈ ਰੇਡ ਅਤੇ ਐਸਐਚਓ ਮਨੀਮਾਜਰਾ ਥਾਣਾ ਜਸਵਿੰਦਰ ਕੌਰ ਦੇ ਵਿਰੁਧ ਸੀਬੀਆਈ ਵਲੋਂ ਦਰਜ ਕੀਤੀ ਗਈ ਐਫ਼ਆਈਆਰ ਦੇ ਬਾਅਦ ਉਨ੍ਹਾਂ ਨੂੰ ਐਸਐਚਓ ਪਦ ਤੋਂ ਹਟਾ ਕੇ ਲਾਈਨ ਹਾਜ਼ਰ ਕਰ ਦਿਤਾ ਗਿਆ ਹੈ।
ਜਾਣਕਾਰੀ ਅਨੁਸਾਰ ਧੋਖਾਧੜੀ ਮਾਮਲੇ ਦੇ ਮੁਲਜ਼ਮ ਨੂੰ ਬਚਾਉਣ ਦੇ ਬਦਲੇ ਵਿਚ ਰਿਸ਼ਵਤ ਮੰਗਣ ਦੇ ਦੋਸ਼ ਲੱਗਣ ਦੇ ਬਾਅਦ ਮਨੀਮਾਜਰਾ ਥਾਣੇ ਦੀ ਐਸਐਚਓ ਜਸਵਿੰਦਰ ਕੌਰ ਦਾ ਮੰਗਲਵਾਰ ਨੂੰ ਤੱਤਕਾਲ ਪ੍ਰਭਾਵ ਤੋਂ ਟਰਾਂਸਫਰ ਕਰ ਦਿਤਾ ਗਿਆ। ਉਨ੍ਹਾਂ ਨੂੰ ਪੁਲਿਸ ਲਾਈਨ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਟਰੈਫਿਕ ਵਿਚ ਤੈਨਾਤ ਇੰਸਪੈਕਟਰ ਨੀਰਜ ਸਰਨਾ ਨੂੰ ਥਾਣਾ ਮੁਖੀ ਬਣਾਇਆ ਗਿਆ ਹੈ।


ਦੇਰ ਰਾਤ ਹੋਈ ਸੀਬੀਆਈ ਦੀ ਇਸ ਕਾਰਵਾਈ  ਦੇ ਬਾਅਦ ਸੀਬੀਆਈ ਨੇ ਜਸਵਿੰਦਰ ਕੌਰ ਦੇ ਦਫ਼ਤਰ ਅਤੇ ਸੈਕਟਰ- 22 ਸਥਿਤ ਘਰ ਨੂੰ ਸੀਲ ਕਰ ਦਿਤਾ ਹੈ। ਜਸਵਿੰਦਰ ਕੌਰ ਦੇ ਵਿਰੁਧ ਪੰਜ ਲੱਖ ਰੁਪਏ ਰਿਸ਼ਵਤ ਦੀ ਇਕ ਸ਼ਿਕਾਇਤ ਮਿਲਣ ਦੇ ਬਾਅਦ ਸੋਮਵਾਰ ਦੇਰ ਰਾਤ ਸੀਬੀਆਈ ਨੇ ਕਰੀਬ 11 ਵਜੇ ਮਨੀਮਾਜਰਾ ਥਾਣੇ ਵਿਚ ਤਲਾਸ਼ੀ ਸ਼ੁਰੂ ਕੀਤੀ। ਅੱਜ ਸਵੇਰੇ ਛੇ ਵਜੇ ਤਲਾਸ਼ੀ ਖਤਮ ਕਰਨ ਦੇ ਨਾਲ ਹੀ ਜਸਵਿੰਦਰ ਕੌਰ ਦੇ ਦਫਤਰ ਅਤੇ ਘਰ ਨੂੰ ਸੀਲ ਕਰ ਦਿਤਾ ਹੈ। ਮਨੀਮਾਜਰਾ ਨਿਵਾਸੀ ਗੁਰਦੀਪ ਸਿੰਘ ਨੇ ਸੀਬੀਆਈ ਨੂੰ ਸ਼ਿਕਾਇਤ ਦਿਤੀ ਸੀ ਕਿ ਐਸਐਚਓ ਜਸਵਿੰਦਰ ਕੌਰ ਨੇ ਉਸ ਵਿਰੁਧ ਆਈ ਇਕ ਸ਼ਿਕਾਇਤ ਤੋਂ ਉਸ ਨੂੰ ਬਚਾਉਣ ਲਈ ਪੰਜ ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ। ਜਸਵਿੰਦਰ ਨੇ ਉਸ ਨੂੰ ਦਸਿਆ ਸੀ ਕਿ ਉਸ ਵਿਰੁਧ ਕਿਸੇ ਨੇ ਸ਼ਿਕਾਇਤ ਦਿਤੀ ਹੈ ਕਿ ਗੁਰਦੀਪ ਨੇ ਨੌਕਰੀ ਲਗਵਾਉਣ ਲਈ ਉਸ ਤੋਂ ਦੱਸ ਤੋਂ 15 ਲੱਖ ਰੁਪਏ ਮੰਗੇ ਹਨ। ਗੁਰਦੀਪ ਨੇ ਦਸਿਆ ਕਿ ਜਸਵਿੰਦਰ ਨੇ ਉਸ ਨੂੰ ਕੇਸ ਤੋਂ ਬਚਾਉਣ ਲਈ ਪੰਜ ਲੱਖ ਰੁਪਏ ਰਿਸ਼ਵਤ ਮੰਗੀ ਸੀ। ਦੋਹਾਂ ਦੇ ਵਿਚ ਡੀਲ ਫਿਕਸ ਹੋ ਗਈ। ਇਸ ਦੇ ਬਾਅਦ ਗੁਰਦੀਪ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕੀਤੀ। ਜਦੋਂ ਜਸਵਿੰਦਰ ਨੇ ਕਿਸੇ ਤੀਸਰੇ ਵਿਅਕਤੀ ਭਗਵਾਨ ਸਿੰਘ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਇਕ ਲੱਖ ਰੁਪਏ ਲੈਣ ਲਈ ਭੇਜਿਆ ਤਾਂ ਸੀਬੀਆਈ ਨੇ ਉਸ ਨੂੰ ਰਿਸ਼ਵਤ ਲੈਂਦੇ ਹੋਏ ਮੋਹਾਲੀ ਦੇ ਨੇੜੇ ਤੋਂ ਗ੍ਰਿਫਤਾਰ ਕਰ ਲਿਆ।


ਭਗਵਾਨ ਸਿੰਘ ਨੇ ਪੁੱਛਗਿਛ ਵਿਚ ਕਬੂਲ ਕੀਤਾ ਹੈ ਕਿ ਉਹ ਐਸਐਚਓ ਜਸਵਿੰਦਰ ਕੌਰ ਦੇ ਕਹਿਣ 'ਤੇ ਹੀ ਪੈਸੇ ਲੈਣ ਲਈ ਆਇਆ ਸੀ। ਮੁਲਜ਼ਮ ਭਗਵਾਨ ਸਿੰਘ ਦਾ ਸੀਬੀਆਈ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਸੀ। ਪਰ ਕੋਰਟ ਨੇ ਸੀਬੀਆਈ ਨੂੰ ਚਾਰ ਦਿਨ ਦਾ ਹੀ ਰਿਮਾਂਡ ਦਿਤਾ ਹੈ। ਹੁਣ ਸੀਬੀਆਈ ਭਗਵਾਨ ਸਿੰਘ ਨੂੰ 4 ਜੁਲਾਈ ਨੂੰ ਪੇਸ਼ ਕਰੇਗੀ।


ਸੀਬੀਆਈ ਸਾਹਮਣੇ ਪੇਸ਼ ਨਹੀ ਹੋਈ ਜਸਵਿੰਦਰ ਕੌਰ : ਰਿਸ਼ਵਤ ਮਾਮਲੇ ਵਿਚ ਐਸਐਚਓ ਜਸਵਿੰਦਰ ਕੌਰ ਸੀਬੀਆਈ ਦੇ ਸਾਹਮਣੇ ਪੇਸ਼ ਨਹੀਂ ਹੋਈ ਹੈ। ਉਨ੍ਹਾਂ ਨੂੰ ਦੁਪਹਿਰ ਤਿੰਨ ਵਜੇ ਸੀਬੀਆਈ ਦਫ਼ਤਰ ਵਿਚ ਮੌਜੂਦ ਹੋਣ ਦੇ ਆਦੇਸ਼ ਦਿਤੇ ਗਏ ਸਨ। ਉਥੇ ਹੀ ਉਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਸੀਬੀਆਈ ਹੁਣ ਜਸਵਿੰਦਰ ਕੌਰ ਦੀ ਭਾਲ ਕਰ ਰਹੀ ਹੈ।