ਬਠਿੰਡਾ ਦੀ ਸਬਜ਼ੀ ਮੰਡੀ 'ਚ ਨਾਜਾਇਜ਼ ਵਸੂਲੀ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ ਦੀ ਸਬਜ਼ੀ ਮੰਡੀ 'ਚ ਨਾਜਾਇਜ਼ ਵਸੂਲੀ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਆਹਮੋ-ਸਾਹਮਣੇ

1

ਬਠਿੰਡਾ, 30 ਜੂਨ (ਸੁਖਜਿੰਦਰ ਮਾਨ) : ਮਾਲਵੇ ਦੀ ਸਭ ਤੋਂ ਵੱਡੀ ਮੰਡੀ ਵਜੋਂ ਪਹਿਚਾਣ ਰੱਖਣ ਵਾਲੀ ਬਠਿੰਡਾ ਦੀ ਸਬਜੀ ਮੰਡੀ 'ਚ ਹੁੰਦੀ ਆ ਰਹੀ ਨਜਾਇਜ਼ ਵਸੂਲੀ ਨੂੰ ਲੈ ਕੇ ਬਠਿੰਡਾ ਹਲਕੇ ਦੀ ਸਿਆਸਤ ਗਰਮਾ ਗਈ ਹੈ। ਬੀਤੀ ਰਾਤ ਸਥਾਨਕ ਕੋਤਵਾਲੀ ਪੁਲਿਸ ਨੇ ਇਸ ਮਾਮਲੇ ਵਿਚ ਅਕਾਲੀ ਆਗੂਆਂ ਦੇ ਕਥਿਤ ਨੇੜਲੇ ਠੇਕੇਦਾਰ ਸਲੀਮ ਖ਼ਾਨ ਸਹਿਤ ਤਿੰਨ ਵਿਅਕਤੀਆਂ ਵਿਰੁਧ ਧਾਰਾ 420,384, 506 ਅਤੇ 120 ਬੀ ਆਈਪੀਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਇਸਤੋਂ ਇਲਾਵਾ ਸਥਾਨਕ ਮਾਰਕੀਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਵਿਰੁਧ ਵੀ ਵਿਭਾਗੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਠੇਕੇਦਾਰ ਸਲੀਮ ਖ਼ਾਨ ਕਥਿਤ ਤੌਰ 'ਤੇ ਦਹਾਕਿਆਂ ਤੋਂ ਬਠਿੰਡਾ ਦੀ ਮੰਡੀ 'ਚ ਸਬਜੀ ਦੀ ਫ਼ੜੀ-ਰੇਹੜੀ ਲਗਾਉਣ ਵਾਲਿਆਂ ਤੋਂ ਲੈ ਕੇ ਚਾਹ ਵਾਲੀਆਂ ਰੇਹੜੀਆਂ ਤੇ ਹੋਰਨਾਂ ਤੋਂ ਰੋਜ਼ਾਨਾ ਜਬਰੀ 100 ਤੋਂ 200 ਰੁਪਏ ਦੀ ਪਰਚੀ ਕੱਟਦਾ ਆ ਰਿਹਾ। ਪਰਚੀ ਨਾ ਕਟਾਉਣ ਵਾਲਿਆਂ ਦੀ ਸਲੀਮ ਖ਼ਾਨ, ਸੁਨੀਲ ਕੁਮਾਰ ਉਰਫ਼ ਕਾਲੂ ਤੇ ਸੰਨੀ ਕੁਮਾਰ ਆਦਿ ਵਲੋਂ ਕੁੱਟਮਾਰ ਕੀਤੀ ਜਾਂਦੀ ਸੀ। ਗੌਰਤਲਬ ਹੈ ਕਿ ਬਠਿੰਡਾ ਦੀ ਸਬਜੀ ਮੰਡੀ ਵਿਚ ਪਿਛਲੇ ਕੁੱਝ ਸਾਲਾਂ ਤੋਂ ਨਜਾਇਜ਼ ਵਸੂਲੀ ਦਾ ਮਾਮਲਾ ਸਮੇਂ-ਸਮੇਂ ਉਠਦਾ ਰਿਹਾ ਹੈ।


ਸਲੀਮ ਖ਼ਾਨ ਦੇ ਸਿਰ 'ਤੇ ਸਰੂਪ ਸਿੰਗਲਾ ਦਾ ਹੱਥ: ਜੈਜੀਤ ਜੌਹਲ
ਬਠਿੰਡਾ : ਬੀਤੀ ਦੇਰ ਸ਼ਾਮ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਦਾਅਵਾ ਕੀਤਾ ਕਿ ਸਬਜੀ ਮੰਡੀ 'ਚ ਗੁੰਡਾ ਟੈਕਸ ਵਸੂਲਣ ਵਾਲਾ ਸਲੀਮ ਖ਼ਾਨ ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਦਾ ਨਜ਼ਦੀਕੀ ਹੈ। ਸ਼੍ਰੀ ਜੌਹਲ ਨੇ ਦਾਅਵਾ ਕੀਤਾ ਕਿ ਸਿਆਸੀ ਸ਼ਹਿ ਦੇ ਆਧਾਰ 'ਤੇ ਸਲੀਮ ਖ਼ਾਨ ਇਹ ਗੁੰਡਾਗਰਦੀ ਕਰ ਰਿਹਾ ਸੀ ਜਦੋਂਕਿ ਉਸਦੇ ਕੋਲ ਮੰਡੀ 'ਚ ਸਿਰਫ਼ ਚਾਹ ਦੀ ਕੰਨਟੀਨ ਦਾ ਠੇਕਾ ਸੀ ਨਾ ਕਿ ਉਸਨੂੰ ਫ਼ੜੀ-ਰੇਹੜੀ ਵਾਲਿਆਂ ਕੋਲੋ ਉਗਰਾਹੀ ਕਰਨ ਦਾ ਅਧਿਕਾਰ ਸੀ। ਕਾਂਗਰਸੀ ਆਗੂ ਮੁਤਾਬਕ ਸਲੀਮ ਖ਼ਾਨ ਕਥਿਤ ਤੌਰ 'ਤੇ ਰੋਜ਼ਾਨਾ 20 ਤੋਂ 25 ਹਜ਼ਾਰ ਰੁਪਏ ਦੇ ਕਰੀਬ ਉਗਰਾਹੀ ਕਰਦਾ ਸੀ, ਜਿਹੜੀ ਕਿ ਮਹੀਨੇ 6 ਲੱਖ ਰੁਪਏ ਦੇ ਕਰੀਬ ਬਣਦੀ ਸੀ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਬਕਾਇਦਾ ਸਾਬਕਾ ਅਕਾਲੀ ਵਿਧਾਇਕ ਵੱਲ ਉਂਗਲ ਕਰਦਿਆਂ ਐਲਾਨ ਕੀਤਾ ਸੀ ਕਿ ਕਾਨੂੰਨ ਮੁਤਾਬਕ ਉਨ੍ਹਾਂ ਦੀ ਭੂਮਿਕਾ ਦੀ ਵੀ ਪੜਤਾਲ ਹੋਣੀ ਚਾਹਦੀ ਹੈ। ਇਸ ਮੌਕੇ ਸ਼੍ਰੀ ਕੇ.ਕੇ.ਅਗਰਵਾਲ, ਸ਼੍ਰੀ ਅਰੁਣ ਵਧਾਵਨ, ਸ਼੍ਰੀ ਅਸੋਕ ਕੁਮਾਰ ਆਦਿ ਹਾਜ਼ਰ ਸਨ।


ਸਲੀਮ ਦੇ ਸਿਰ 'ਤੇ ਕਾਂਗਰਸੀਆਂ ਦਾ ਹੱਥ: ਸਰੂਪ ਸਿੰਗਲਾ
ਬਠਿੰਡਾ: ਉਧਰ ਅੱਜ ਕਾਂਗਰਸੀ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਸਲੀਮ ਖ਼ਾਨ ਦੇ ਸਿਰ 'ਤੇ ਕਾਂਗਰਸੀਆਂ ਦਾ ਹੱਥ ਸੀ ਤਾਂ ਕਰਕੇ ਹੀ ਉਹ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਗੂੰਡਾ ਟੈਕਸ ਵਸੂਲ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਕਾਂਗਰਸੀਆਂ ਆਗੂਆਂ ਨਾਲ ਉਸਦੇ ਲੈਣ-ਦੇਣ ਦੇ ਹਿਸਾਬ ਦਾ ਰੌਲਾ ਪੈਣ ਕਾਰਨ ਉਸਤੇ ਪਰਚਾ ਦਰਜ਼ ਕਰਕੇ ਸੱਚਾ ਸਾਬਤ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੂੰ ਨਿਸ਼ਾਨੇ 'ਤੇ ਲੈਦਿਆਂ ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਸ਼ਾਰੇ 'ਤੇ ਅਮਰੀਕ ਸਿੰਘ ਰੋਡ ਉਪਰ ਸਥਿਤ ਇੱਕ ਢਾਬੇ ਉਪਰ ਕੈਸੀਨੋ ਚੱਲ ਰਿਹਾ ਹੈ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਵਿਚ ਮਸਾਜ਼ ਦੇ ਅੱਡੇ ਵੀ ਖੁੱਲ ਗਏ ਹਨ। ਉਨ੍ਹਾਂ ਦੋਸ਼ਾਂ ਦੀ ਲੜੀ ਅੱਗੇ ਜਾਰੀ ਰੱਖਦਿਆਂ ਟਰੱਕ ਯੂਨੀਅਨ ਦੇ ਕੰਮ ਗਿੱਦੜਵਹਾ ਨਾਲ ਸਬੰਧਤ ਇੱਕ ਪ੍ਰਧਾਨ ਤੇ ਇੱਕ ਟਰੱਕ ਡਰਾਈਵਰ ਦੇ ਨਾਂ ਉਪਰ ਫ਼ਰਮ ਬਣਾ ਕੇ ਲੈਣ ਦੇ ਵੀ ਦੋਸ਼ ਲਗਾਏ। ਸ਼੍ਰੀ ਸਿੰਗਲਾ ਨੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਜੈਜੀਤ ਸਿੰਘ ਜੌਹਲ ਤੇ ਉਨ੍ਹਾਂ ਵਲੋਂ ਲਗਾਏ ਦੋਸ਼ਾਂ ਦੀ ਜਾਂਚ ਸਿਟਿੰਗ ਜੱਜ ਤੋਂ ਕਰਵਾਉਣ ਤੇ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਸਿਆਸਤ ਛੱਡ ਦੇਣਗੇ, ਨਹੀਂ ਤਾਂ ਉਹ ਆਪ ਅਜਿਹਾ ਕਰਨ।