ਗੁਰੂ ਨਾਨਕ ਮੋਦੀਖ਼ਾਨਾ ਬੰਦ ਕਰਾਉਣ ਲਈ ਘੜੀਆਂ ਜਾ ਰਹੀਆਂ ਨੇ ਸਾਜਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥੋਕ ਭਾਅ 'ਤੇ ਖ਼ਰੀਦੀਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ 'ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀਖ਼ਾਨਾ ਦੀ

File Photo

ਲੁਧਿਆਣਾ, 29 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਥੋਕ ਭਾਅ 'ਤੇ ਖ਼ਰੀਦੀਆਂ ਗਈਆਂ ਦਵਾਈਆਂ ਨੂੰ ਰਿਟੇਲ ਭਾਅ 'ਤੇ ਵੇਚਣ ਵਾਲੇ ਗੁਰੂ ਨਾਨਕ ਮੋਦੀਖ਼ਾਨਾ ਦੀ ਮਸ਼ਹੂਰੀ ਕਾਲਾਬਾਜ਼ਾਰੀ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਹੀ। ਗ਼ਰੀਬ ਲੋਕਾਂ ਨੂੰ ਹੋਲਸੇਲ ਰੇਟਾਂ 'ਤੇ ਦਵਾਈਆਂ ਮੁਹਈਆ ਕਰਵਾਉਣ ਵਾਲੇ ਗੁਰੂ ਨਾਨਕ ਮੋਦੀਖ਼ਾਨਾ ਨੂੰ ਬੰਦ ਕਰਨ ਦੀ ਸਾਜ਼ਸ਼ ਸ਼ੁਰੂ ਹੋ ਗਈ ਹੈ।

ਜਾਣਕਾਰੀ ਅਨੁਸਾਰ ਬੀਤੇ ਦਿਨ ਤੋਂ ਮੋਦੀਖ਼ਾਨਾ 'ਚ ਦਵਾਈਆਂ ਦੀ ਸਪਲਾਈ ਨਹੀਂ ਆਉਣ ਦਿਤੀ ਜਾ ਰਹੀ। ਇਸ ਗੱਲ ਨਾਲ ਸਿਰਫ਼ ਮੋਦੀਖ਼ਾਨਾ ਚਲਾ ਰਹੇ ਸਮਾਜ ਸੇਵੀਆਂ 'ਚ ਹੀ ਗੁੱਸਾ ਨਹੀਂ, ਸਗੋਂ ਲੋਕ ਵੀ ਗੁੱਸੇ ਨਾਲ ਭਰੇ ਪਏ ਹਨ। ਮੋਦੀਖ਼ਾਨੇ ਨੂੰ ਚਲਾ ਰਹੇ ਬਲਵਿੰਦਰ ਸਿੰਘ ਜਿੰਦੂ ਨੇ ਦਸਿਆ ਕਿ ਹੁਣ ਉਨ੍ਹਾਂ ਨੂੰ ਹੁਣ ਫ਼ੋਨ ਕਾਲ 'ਤੇ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਕਿ ਇਹ ਮੋਦੀਖਾਨਾ ਬੰਦ ਨਾ ਕੀਤਾ ਤਾਂ ਉਨ੍ਹਾਂ ਨੂੰ ਮਾਰ ਦਿਤਾ ਜਾਵੇਗਾ।

ਏਸੀਪੀ ਵਰਗੇ ਵੀ ਧਮਕੀਆਂ ਪ੍ਰਤੀ ਜਾਗਰੂਕ ਨਹੀਂ ਹੋ ਰਹੇ ਤੇ ਉਨ੍ਹਾਂ ਸਾਹਮਣੇ ਇਹ ਸੱਭ ਕੁੱਝ ਚਲ ਰਿਹਾ ਹੈ। ਬਲਵਿੰਦਰ ਸਿੰਘ ਜਿੰਦੂ ਨੇ ਦਸਿਆ ਕਿ ਮਈ ਮਹੀਨੇ ਵਿਚ ਉਨ੍ਹਾਂ ਦੀ ਸੰਸਥਾ ਵਲੋਂ ਗੁਰੂ ਨਾਨਕ ਮੋਦੀਖ਼ਾਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਥੇ ਹਰ ਵਿਅਕਤੀ ਨੂੰ ਹੋਲਸੇਲ ਭਾਅ 'ਤੇ ਦਵਾਈਆਂ ਦਿਤੀਆਂ ਜਾਂਦੀਆਂ ਰਹੀਆਂ ਹਨ।

ਉਨ੍ਹਾਂ ਦਸਿਆ ਕਿ ਹੋਲਸੇਲ ਮਾਰਕੀਟ 'ਚੋਂ ਦਵਾਈਆਂ ਪ੍ਰਿੰਟ ਰੇਟ ਤੋਂ 22 ਫ਼ੀ ਸਦੀ ਤੋਂ ਲੈ ਕੇ 97 ਫ਼ੀ ਸਦੀ ਤਕ ਘੱਟ ਭਾਅ 'ਤੇ ਮਿਲਦੀਆਂ ਹਨ। ਉਹ ਇਸ ਭਾਅ 'ਤੇ ਹੀ ਲੋਕਾਂ ਨੂੰ ਦਵਾਈਆਂ ਦਿੰਦੇ ਹਨ। ਹੁਣ ਇਹ ਗੁਰੂ ਨਾਨਕ ਮੋਦੀਖ਼ਾਨਾ ਲੋਕਾਂ ਨੂੰ ਚੁੱਭ ਰਿਹਾ ਹੈ, ਕਿਉਂਕਿ ਜਿਸ ਰੇਟ 'ਤੇ ਉਹ ਲੋਕਾਂ ਨੂੰ ਦਵਾਈਆਂ ਦੇ ਰਹੇ ਹਨ, ਉਹ ਉਸ ਤੋਂ ਕਈ ਗੁਣਾ ਜ਼ਿਆਦਾ ਭਾਅ 'ਤੇ ਦਵਾਈਆਂ ਦੇ ਰਹੇ ਸਨ। ਅਜਿਹੇ 'ਚ ਉਨ੍ਹਾਂ ਦੀ ਕਾਲਾਬਾਜ਼ਾਰੀ ਬੰਦ ਹੋ ਗਈ ਸੀ। ਇਸ ਲਈ ਮੋਦੀ ਖਾਨਾ ਬੰਦ ਕਰਵਾਉਣ ਦੀਆਂ ਸਾਜਸ਼ਾਂ ਸ਼ੁਰੂ ਹੋ ਗਈਆਂ ਹਨ।

ਤਿੰਨ ਦਿਨ ਤੋਂ ਉਹ ਹੋਲਸੇਲ ਮਾਰਕੀਟ 'ਚ ਦਵਾਈ ਲੈਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਦੇਣ ਤੋਂ ਸਾਫ਼ ਮਨ੍ਹਾ ਕਰ ਦਿਤਾ ਜਾਂਦਾ ਹੈ। ਇਥੇ ਤਕ ਕਿ ਉਨ੍ਹਾਂ ਨੂੰ ਫ਼ੋਨ 'ਤੇ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਹਨ, ਪਰ ਉਹ ਕਿਸੇ ਵੀ ਹਾਲਤ 'ਚ ਸੇਵਾ ਬੰਦ ਨਹੀਂ ਕਰਨਗੇ। ਉਨ੍ਹਾਂ ਨੇ ਇਕ ਸਿਪਲਾਡਾਇਨ ਪਾਊਡਰ ਵਿਖਾਉਂਦੇ ਹੋਏ ਉਸ ਦੀ ਅਸਲ ਕੀਮਤ ਬਾਰੇ ਜਾਣੂ ਕਰਵਾਇਆ।

ਇਸ ਪਾਊਡਰ ਦਾ ਅਸਲ ਮੁੱਲ ਸਿਰਫ਼ 8 ਰੁਪਏ ਹੈ ਤੇ ਇਸ ਨੂੰ ਜਨਤਾ ਵਿਚ 56 ਰੁਪਏ ਵਿਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਆਈ ਡਰਾਪਸ ਦੀ ਸ਼ੀਸ਼ੀ ਦਿਖਾਉਂਦੇ ਹੋਏ ਉਸ ਦੀ ਕੀਮਤ ਦੱਸੀ ਜੋ ਕਿ ਸਿਰਫ 8 ਰੁਪਏ ਸੀ ਤੇ ਉਸ ਨੂੰ ਬਾਜ਼ਾਰ ਵਿਚ 44 ਰੁਪਏ ਵਿਚ ਵੇਚਿਆ ਜਾਂਦਾ ਹੈ। ਉਨ੍ਹਾਂ ਰਵਨੀਤ ਬਿੱਟੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਉਹ ਖਾਲਿਸਤਾਨ ਵਿਰੁਧ ਤਾਂ ਬੋਲੇ ਹਨ ਪਰ ਕੀ ਉਹ ਇਸ ਲੁੱਟ-ਖਸੁੱਟ ਵਿਰੁਧ ਨਹੀਂ ਬੋਲਣਗੇ?