ਰੈਫ਼ਰੰਡਮ 2020 ਨੂੰ ਲੈ ਕੇ ਮਾਨਸਾ ਦੇ ਸਿੱਖ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਰਿਆਣਾ ਵਿਚ ਆ ਰਹੀਆ ਆਡਿਉ ਕਲਿਪਾਂ ਨੂੰ ਲੈ ਕੇ ਪੁਲਿਸ ਹੋਈ ਚੁਕੰਨੀ , ਮੇਰੇ ਪਤੀ ਨੂੰ ਫਸਾਇਆ ਜਾ ਰਿਹਾ ਹੈ: ਅੰਮਿਮ੍ਰਤਪਾਲ ਕੌਰ

File Photo

ਮਾਨਸਾ, 29 ਜੂਨ (ਸੁਖਵੰਤ ਸਿੰਘ ਸਿੱਧੂ): Ðਰੈਫ਼ਰੰਡਮ 2020 ਦੇ ਮਾਮਲੇ ਨੂੰ ਲੈ ਕੇ ਭਾਰਤ ਦੇ ਪੁਲਿਸ ਪ੍ਰਸ਼ਾਸਨ ਵਲੋ ਸ਼ਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਮਾਨਸਾ ਦੇ ਇਕ ਸਿੱਖ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕਰ  ਲਿਆ ਹੈ। ਪੁਲਿਸ ਪ੍ਰਸ਼ਾਸਨ ਰੈਫ਼ਰੰਡਮ 2020 ਦੇ ਮਾਮਲੇ ਤਹਿਤ ਪੰਜਾਬ ਅਤੇ ਹਰਿਆਣਾ ਵਿਚ ਆ ਰਹੀਆ ਆਡਿਊ ਕਲਿਪਾਂ ਉਤੇ ਵੀ ਸ਼ਕਤ ਨਜ਼ਰ ਰੱਖ ਕੇ ਮਾਮਲਿਆ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਵਲੋਂ ਬੀਤੇ ਦਿਨੀਂ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਦੀਆਂ ਗਤੀਵਿਧੀਆਂ ਦੇ ਦੋਸ਼ ਹੇਠ ਕਾਬੂ ਕੀਤੇ ਗਏ ਅਤਿਵਾਦੀ ਗੁਰਤੇਜ ਸਿੰਘ ਦੇ ਮਾਮਲੇ ਨੂੰ ਉਸ ਦੇ ਪਰਵਾਰ ਨੇ ਝੂਠਾ ਕਰਾਰ ਦਿੰਦਿਆਂ ਕਿਹਾ ਹੈ ਕਿ ਪੁਲਿਸ ਉਸ ਨੂੰ ਜਾਣ ਬੁੱਝ ਕੇ ਇਸ ਮਾਮਲੇ ਵਿਚ ਫਸਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਦਿੱਲੀ ਵਲੋਂ ਲੰਘੀ 24 ਜੂਨ ਨੂੰ ਮਾਨਸਾ ਦੇ ਲਿੰਕ ਰੋਡ ਵਾਸੀ ਗੁਰਤੇਜ ਸਿੰਘ (55) ਪੁੱਤਰ ਕਰਮ ਸਿੰਘ ਨੂੰ ਅਤਿਵਾਦੀ ਗਤੀਵਿਧੀਆਂ ਦੇ ਦੋਸ਼ ਹੇਠ ਚੁੱਕ ਕੇ ਦਿੱਲੀ ਲੈ ਗਈ ਹੈ। ਪੁਲਿਸ ਦੇ ਮੁਤਾਬਕ ਗੁਰਤੇਜ਼ ਸਿੰਘ ਮਾਨਸਾ ਰਹਿੰਦਾ ਹੋਇਆ ਖ਼ਾਲਿਸਤਾਨ ਫ਼ੋਰਸ ਦਾ ਮੈਂਬਰ ਬਣ ਕੇ ਹਥਿਆਰ ਲੈ ਕੇ ਕਈ ਆਰ ਐਸ ਐਸ ਤੇ ਕਾਂਗਰਸੀ ਨੇਤਾਵਾਂ ਦੀ ਹਤਿਆ ਦੀ ਵਿਉਂਤ ਘੜ ਰਿਹਾ ਅਤੇ ਹਰ ਦਿਨੀਂ ਇਸ ਦੀ ਤਿਆਰੀ ਕਰ ਰਿਹਾ ਹੈ। ਪੁਲਿਸ ਨੂੰ ਜਦੋਂ ਇਸ ਦੀ ਸੂਹ ਮਿਲੀ ਤਾਂ ਉਸ ਨੇ ਮਾਨਸਾ ਪੁਲਿਸ ਨੂੰ ਨਾਲ ਲੈ ਕੇ ਉਸ ਨੂੰ ਸ਼ਹਿਰ ਦੇ ਇਕ ਨਿਜੀ ਹਸਪਤਾਲ ਕੋਲੋਂ ਚੁੱਕ ਲਿਆ, ਜਿਸ ਤੋਂ ਬਾਅਦ ਦਿੱਲੀ ਵਿਖੇ ਗੁਰਤੇਜ ਸਿੰਘ ਦੇ ਵਿਰੁਧ ਮਾਮਲਾ ਦਰਜ ਕਰ ਕੇ ਹੋਰਨਾਂ ਵਿਅਕਤੀਆਂ ਨੂੰ ਇਸ ਦੇ ਆਧਾਰ ਉਤੇ ਕਾਬੂ ਕੀਤਾ ਹੈ।

ਇਸ ਸੰਬੰਧੀ ਮਾਨਸਾ ਰਹਿੰਦੀ ਗੁਰਤੇਜ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦਸਿਆ ਕਿ ਉਸ ਦਾ ਪਤੀ ਬਿਲਕੁਲ ਬੇਕਸੂਰ ਹੈ ਤੇ ਉਹ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈਂਦਾ। ਉਸ ਨੇ ਦਸਿਆ ਕਿ ਉਸ ਦਾ ਪਤੀ ਪੈਲੰਬਰ ਦਾ ਕੰਮ ਕਰਦਾ ਹੈ ਤੇ ਉਸ ਦਾ ਰਸੌਲੀ ਦਾ ਅਪਰੇਸ਼ਨ ਹੋਣ ਤੋਂ ਬਾਅਦ 24 ਜੂਨ ਨੂੰ ਉਹ ਸ਼ਹਿਰ ਦੇ ਇਕ ਹਸਪਤਾਲ ਵਿਖੇ ਉਸ ਨੂੰ ਦਵਾਈ ਦਿਵਾਉਣ ਗਿਆ ਸੀ, ਜਿਥੇ ਦਿੱਲੀ ਪੁਲਿਸ ਉਸ ਦੇ ਪਤੀ ਨੂੰ ਚੁੱਕ ਕੇ ਲੈ ਗਈ। ਦਸਿਆ ਜਾ ਰਿਹਾ ਹੈ ਕਿ ਗੁਰਤੇਜ ਸਿੰਘ ਹਵਾਰਾ 21 ਮੈਂਬਰੀ ਕਮੇਟੀ ਦਾ ਮੁਢਲਾ ਮੈਂਬਰ ਵੀ ਹੈ ਤੇ ਇਹ ਕਮੇਟੀ ਉਸ ਦੇ ਬੇਕਸੂਰ ਹੋਣ ਦਾ ਕੇਸ ਅਪਣੇ ਖਰਚੇ ਉਤੇ ਲੜੇਗੀ। ਹਵਾਰਾ ਕਮੇਟੀ ਦੇ ਆਗੂ ਪ੍ਰੋ ਬਲਜਿੰਦਰ ਸਿੰਘ ਖਾਲਸਾ, ਅਮਰ ਸਿੰਘ ਚਾਹਲ ਐਡਵੋਕੇਟ, ਰਮਨਦੀਪ ਸਿੰਘ ਐਡਵੋਕੇਟ, ਦਿਲਸ਼ੇਰ ਸਿੰਘ ਐਡਵੋਕੇਟ, ਬਲਵੀਰ ਸਿੰਘ ਰਾਏਸਰ ਆਦਿ ਨੇ ਕਿਹਾ ਹੈ ਕਿ ਉਹ ਦਿੱਲੀ ਵਿਖੇ ਗੁਰਤੇਜ ਸਿੰਘ ਤੇ ਹੋਰਨਾਂ ਬੇਕਸੂਰ ਸਿੱਖਾਂ ਦਾ ਕੇਸ ਲੜਣਗੇ। 

 ਦੂਜੇ ਪਾਸੇ ਦਿੱਲੀ ਪੁਲਿਸ ਮੁਤਾਬਕ ਗੁਰਤੇਜ ਸਿੰਘ ਅਤਿਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ ਤੇ ਇਸ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ। ਉਸਦੇ ਵਿਰੁਧ ਹਾਲੇ ਤਕ ਕਿਸੇ ਵੀ ਥਾਣੇ ਆਦਿ ਵਿਚ ਉਸ ਦੇ ਵਿਰੁਧ ਮਾਮਲਾ ਦਰਜ ਨਹੀਂ ਹੋਇਆ ਹੈ। ਉਸਦੇ ਵਿਰੁਧ ਦਿੱਲੀ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ ਹੈ। ਪੁਲਿਸ ਨੁੰ ਪਹਿਲਾਂ ਤੋਂ ਫੜੇ ਗਏ ਕੁੱਝ ਵਿਅਕਤੀਆਂ ਤੋਂ ਇਸ ਬਾਰੇ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਨਸਾ ਵਿਚ ਛਾਪੇਮਾਰੀ ਕਰਕੇ ਉਸ ਦੀ ਗ੍ਰਿਫ਼ਤਾਰੀ ਕੀਤੀ ਹੈ। ਦਿੱਲੀ ਪੁਲਿਸ ਨੇ ਉਸ ਕੋਲੋਂ ਖ਼ਾਲਿਸਤਾਨ ਨਾਲ ਸਬੰਧਿਤ ਵੀਡੀਉ, ਫ਼ੋਟੋਆਂ, ਤਿੰਨ ਮੋਬਾਈਲ ਫ਼ੋਨ, ਤਿੰਨ ਪਿਸਤੌਲ, ਕਾਰਤੂਸ ਆਦਿ ਬਰਾਮਦ ਕੀਤੇ ਹਨ।