ਪਾਵਰਕਾਮ ਦੇ ਮਾਲ ਲੇਖਾਕਾਰ ਵਿਰੁਧ ਰਿਸ਼ਵਤਖ਼ੋਰੀ ਦਾ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਸਾਲ ਪੁਰਾਣੇ ਮਾਮਲੇ ਦੀ ਵਿਜੀਲੈਂਸ ਵਲੋਂ ਕੀਤੀ ਪੜਤਾਲ

intelligence bureau

ਸ੍ਰੀ ਮੁਕਤਸਰ ਸਾਹਿਬ, 29 ਜੂਨ (ਰਣਜੀਤ ਸਿੰਘ/ਗੁਰਦੇਵ ਸਿੰਘ): ਰਿਸ਼ਵਤਖੋਰੀ ਦੇ ਦੋ ਸਾਲ ਪੁਰਾਣੇ ਇਕ ਮਾਮਲੇ ਦੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ ਪਾਵਰਕਾਮ ਦੋਦਾ ਦੇ ਲੇਖਾਕਾਰ ਦੇ ਵਿਰੁਧ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਕਪਤਾਨ ਪੁਲਿਸ (ਵਿਜ਼ੀਲੈਂਸ) ਗੁਰਿੰਦਰਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਪਿੰਡ ਦੋਦਾ ਦੇ ਜਗਦੀਪ ਸਿੰਘ ਨੇ ਵਿਜ਼ੀਲੈਂਸ ਦੇ ਟੋਲ ਫਰੀ ਨੰਬਰ ਉਤੇ ਪਾਵਰਕਾਮ ਦੋਦਾ ਦੇ ਮਾਲ ਲੇਖਾਕਾਰ ਤ੍ਰਿਲੋਕ ਚੰਦ ਦੇ ਵਿਰੁਧ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਸੀ

ਜਿਸ ਉਤੇ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਦੋਦਾ ਦੇ ਜਗਦੀਪ ਸਿੰਘ ਅਤੇ ਅਮਨਦੀਪ ਸਿੰਘ ਨੇ 4 ਕਿਲੇ ਜ਼ਮੀਨ ਪਿੰਡ ਬੁੱਟਰ ਸ਼ਰੀਂਹ ਦੇ ਅੰਗਰੇਜ਼ ਸਿੰਘ ਪਾਸਂੋ ਖ੍ਰੀਦ ਕੀਤੀ ਸੀ ਤੇ ਨਾਲ ਹੀ ਜ਼ਮੀਨ ਵਿਚ ਲੱਗਿਆ ਟਿਊਬਵੈਲ ਦਾ ਮੋਟਰ ਕੁਨੈਕਸ਼ਨ ਵੀ ਖ੍ਰੀਦ ਲਿਆ ਸੀ। ਜਗਦੀਪ ਸਿੰਘ ਹੋਰਾਂ ਨੇ ਇਹ ਕੁਨੈਕਸ਼ਨ ਅਪਣੇ ਨਾਮ ਕਰਾਉਣ ਲਈ ਪਾਵਰਕਾਮ ਦੋਦਾ ਦੇ ਐਸ ਡੀ ਓ ਨੂੰ ਅਰਜੀ ਦਿਤੀ ਤਾਂ ਉਨ੍ਹਾਂ ਨੇ ਇਹ ਅਰਜੀ ਮਾਲ ਲੇਖਾਕਾਰ ਨੂੰ ਮਾਰਕ ਕਰ ਦਿਤੀ। ਮਾਲ ਲੇਖਾਕਾਰ ਤ੍ਰਿਲੋਕ ਚੰਦ ਨੇ ਮੋਟਰ ਕੁਨੈਕਸ਼ਨ ਤਬਦੀਲ ਕਰਨ ਬਦਲੇ ਜਗਦੀਪ ਸਿੰਘ ਹੋਰਾਂ ਪਾਸੋ ਤਿੰਨ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ।

ਜਗਦੀਪ ਸਿੰਘ ਨੇ ਤ੍ਰਿਲੋਕ ਚੰਦ ਨੂੰ ਦੋ ਹਜ਼ਾਰ ਰੁਪਏ ਰਿਸ਼ਤਵਤ ਦਿੰਦਿਆਂ ਇਸ ਦੀ ਅਪਣੇ ਮੋਬਾਇਲ ਫ਼ੋਨ ਉਪਰ ਵੀਡੀਉ ਰਿਕਾਰਡ ਕਰ ਲਈ ਅਤੇ ਇਸ ਰਿਸ਼ਵਤਖੋਰੀ ਦੇ ਮਾਮਲੇ ਦੀ ਵਿਜੀਲੈਂਸ ਬਿਊਰੋ ਦੇ ਟੋਲ ਫ਼ਰੀ ਨੰਬਰ ਉਪਰ ਸ਼ਿਕਾਇਤ ਕਰ ਦਿਤੀ ਜਿਸ ਉਤੇ ਕਾਰਵਾਈ ਕਰਦਿਆਂ ਵਿਜੀਲੈਸ ਬਿਉਰੋ ਨੇ ਉਪ ਪੁਲਿਸ ਕਪਤਾਨ ਵਿਜੀਲੈਂਸ ਗੁਰਿੰਦਰਜੀਤ ਸਿੰਘ ਸੰਧੂ ਨੇ ਪੜਤਾਲ ਉਪਰੰਤ ਮਾਲ ਲੇਖਾਕਾਰ ਤ੍ਰਿਲੋਕ ਚੰਦ ਦੇ ਵਿਰੁਧ ਵਿਜੀਲੈਂਸ ਥਾਣਾ ਬਠਿੰਡਾ ਵਿਖੇ ਮੁਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸੰਧੂ ਨੇ ਦਸਿਆ ਕਿ ਰਿਸ਼ਵਤ ਖੋਰੀ ਦਾ ਇਹ ਮਾਮਲਾ ਬਹੁਤ ਸੰਗੀਨ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।