ਫ਼ੂਡ ਪ੍ਰੋਸੈਸਿੰਗ ਉਦਮ ਸਕੀਮ ਨਾਲ ਪੰਜਾਬ ਦੀਆਂ 6700 ਇਕਾਈਆਂ ਨੂੰ ਲਾਭ ਮਿਲੇਗਾ : ਹਰਸਿਮਰਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ ਸਕੀਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ

Harsimrat Badal

ਬਠਿੰਡਾ (ਸ਼ਹਿਰੀ/ਦਿਹਾਤੀ), 29 ਜੂਨ (ਮਾਨ/ਸਿੰਗਲਾ) : ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉਦਮ ਸਕੀਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਇਸ ਯੋਜਨਾ ਤਹਿਤ ਪੰਜਾਬ ਵਿਚ 6700 ਇਕਾਈਆਂ ਨੂੰ ਲਾਭ ਮਿਲੇਗਾ।
ਪਿੰਡ ਬਾਦਲ ਵਿਖੇ ਪੱਤਰਕਾਰਾਂ ਨਾਲ ਵੀਡੀਉ ਕਾਨਫ਼ਰੰਸ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਮੁਹਿੰਮ ਤਹਿਤ ਇਸ ਸਕੀਮ ਵਿਚ ਕੇਂਦਰ ਤੇ ਰਾਜ ਸਰਕਾਰਾਂ ਵਲੋਂ 60:40 ਅਨੁਪਾਤ ਵਿਚ ਖਰਚ ਕੀਤਾ ਜਾਵੇਗਾ।

ਬੀਬੀ ਬਾਦਲ ਨੇ ਦਾਅਵਾ ਕੀਤਾ ਇਸਦੇ ਰਾਹੀ 35000 ਕਰੋੜ ਰੁਪਏ ਦਾ ਨਿਵੇਸ਼ ਪੈਦਾ ਹੋਵੇਗਾ ਅਤੇ 9 ਲੱਖ  ਹੁਨਰਮੰਦ ਤੇ ਅਰਧ ਹੁਨਰਮੰਦ ਵਰਕਰਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਤੋਂ ਇਲਾਵਾ ਦੇਸ਼ ਭਰ ਵਿਚ ਅੱਠ ਲੱਖ ਯੂਨਿਟਾਂ ਨੂੰ ਸੂਚਨਾ ਤੇ ਸਿਖਲਾਈ ਦਾ ਲਾਭ ਮਿਲੇਗਾ। ਸ੍ਰੀਮਤੀ ਬਾਦਲ ਨੇ ਦਸਿਆ ਕਿ ਸਕੀਮ ਤਹਿਤ ਹਰ ਇਕ ਜ਼ਿਲ੍ਹੇ ਵਾਸਤੇ ਇਕ ਪ੍ਰੋਡਕਟ ਪਹੁੰਚ ਅਪਣਾਈ ਜਾਵੇਗੀ ਤਾਕਿ ਇਨਪੁਟਸ ਦੀ ਖਰੀਦ, ਆਮ ਸੇਵਾਵਾਂ ਹਾਸਲ ਕਰਨ ਤੇ ਪ੍ਰੋਡਕਟ ਦਾ ਮੰਡੀਕਰਨ ਕੀਤੇ ਜਾਣ ਦੇ ਮਾਮਲੇ ਵਿਚ ਵੱਧ ਤੋਂ ਵੱਧ ਲਾਭ ਹਾਸਲ ਕੀਤਾ ਜਾ ਸਕੇ

।ਉਨ੍ਹਾਂ ਕਿਹਾ ਕਿ ਮੌਜੂਦਾ ਵਿਅਕਤੀਗਤ ਸੂਖਮ ਫ਼ੂਡ ਪ੍ਰੋਸੈਸਿੰਗ ਯੂਨਿਟ ਜੋ ਅਪਣੇ ਯੂਨਿਟ ਨੂੰ ਅਪਗਰੇਡ ਕਰਨਾ ਚਾਹੁੰਦੇ ਹੋਣ ਉਹ 10 ਲੱਖ ਰੁਪਏ ਪ੍ਰਤੀ ਯੂਨਿਟ ਦੀ ਵੱਧ ਤੋਂ ਵੱਧ ਹੱਦ ਤਹਿਤ ਪ੍ਰਾਜੈਕਟ ਨਾਲ ਜੁੜੀ ਯੋਗਤਾ ਕੀਮਤ ਅਨੁਸਾਰ ਕਰਜ਼ੇ ਨਾਲ ਜੁੜੀ 35 ਫ਼ੀ ਸਦੀ ਸਬਸਿਡੀ ਦਾ ਲਾਭ ਲੈ ਕੇ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯੂਨਿਟਾਂ ਨੂੰ ਸੀਡ ਕੈਪੀਟਲ ਦੇ ਨਾਲ-ਨਾਲ ਪੂੰਜੀਨਿਵੇਸ਼ ਵਾਸਤੇ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਾਸਤੇ ਵੀ ਕਰਜ਼ੇ ਨਾਲ ਜੁੜੀ ਗਰਾਂਟ ਵੀ ਦਿਤੀ ਜਾਵੇਗੀ।

ਕੇਂਦਰੀ ਮੰਤਰੀ ਨੇ ਕਿਹਾ ਕਿ ਸਕੀਮ ਵਿਚ ਸਮਰਥਾ ਵਧਾਉਣ ਤੇ ਖੋਜ 'ਤੇ ਵਿਸ਼ੇਸ਼ ਜ਼ੋਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਮਕਸਦ ਫਲਾਂ ਤੇ ਸਬਜ਼ੀਆਂ ਦੇ ਉਤਪਾਦਕਾਂ ਦੇ ਹਿਤਾਂ ਦੀ ਰਾਖੀ ਕਰਨਾ ਤੇ ਤਾਲਾਬੰਦੀ ਕਾਰਨ ਇਸ ਦੀ ਮੰਦੇ ਭਾਅ ਵਿਕਰੀ ਰੋਕਣ ਲਈ ਤੁੜਾਨੀ ਮਗਰੋਂ ਦੇ ਘਾਟੇ ਘਟਾਉਣਾ ਹੈ।