ਪੰਜਾਬ ਅੰਦਰ ਡੇਰਿਆਂ ਦੀ ਗਿਣਤੀ ਲਗਭਗ 9 ਹਜ਼ਾਰ, ਮਹਾਂਮਾਰੀ ਲਈ ਯੋਗਦਾਨ ਨਾਮਾਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅੰਦਰ ਥਾਂ-ਥਾਂ ਪਸਰੇ ਡੇਰਿਆਂ ਦਾ ਇਤਿਹਾਸ ਸਿੱਖ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੂਬੇ ਦੇ ਹਰ ਡੇਰੇ ਦਾ

Corona

ਸੰਗਰੂਰ, 29 ਜੂਨ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਅੰਦਰ ਥਾਂ-ਥਾਂ ਪਸਰੇ ਡੇਰਿਆਂ ਦਾ ਇਤਿਹਾਸ ਸਿੱਖ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੂਬੇ ਦੇ ਹਰ ਡੇਰੇ ਦਾ ਮੁਖੀ ਅਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਤੇ ਡੇਰੇ ਅੰਦਰ ਸਿਰਫ਼ ਉਸ ਦਾ ਹੁਕਮ ਹੀ ਚਲਦਾ ਹੈ। ਇਨ੍ਹਾਂ ਡੇਰਿਆਂ ਦੇ ਪਨਪਣ, ਵਿਕਾਸ ਤੇ ਵਜੂਦ ਨੂੰ ਜਿਉਂਦੇ ਰੱਖਣ ਲਈ ਸੂਬੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਆਕਸੀਜਨ ਦਾ ਕੰਮ ਕੀਤਾ ਹੈ ਜਿਹੜੇ ਇਨ੍ਹਾਂ ਪਾਸੋਂ ਹਰ ਛੋਟੀ ਵੱਡੀ ਚੋਣ ਵੇਲੇ ਅਸ਼ੀਰਵਾਦ ਲੈਣ ਪਹੁੰਚਦੇ ਹਨ। ਗੁਰੂ ਦੇ ਅਸ਼ੀਰਵਾਦ ਦਾ ਅਰਥ ਹੈ ਉਨ੍ਹਾਂ ਦੇ ਡੇਰੇ ਨੂੰ ਮੰਨਣ ਵਾਲੇ ਸਾਰੇ ਸ਼ਰਧਾਲੂਆਂ ਦੀਆਂ ਪੱਕੀਆਂ ਵੋਟਾਂ ਦਾ ਭਰੋਸਾ।

ਸਾਲ 2006-07 ਦੌਰਾਨ ਕੀਤੇ ਗਏ ਸਰਵੇ ਵਿਚ ਭਾਵੇਂ ਸਹੀ ਗਿਣਤੀ ਨਹੀਂ ਦਰਸਾਈ ਗਈ ਪਰ ਮੋਟੇ ਜਿਹੇ ਅਨੁਮਾਨ ਮੁਤਾਬਕ ਪੰਜਾਬ ਵਿੱਚ ਛੋਟੇ ਵੱਡੇ ਕੁੱਲ ਮਿਲਾ ਕੇ ਤਕਰੀਬਨ 9 ਹਜ਼ਾਰ ਡੇਰੇ ਹਨ। ਪੰਜਾਬ ਵਿਚ ਡੇਰਿਆਂ ਦੀ ਵਧ ਰਹੀ ਗਿਣਤੀ ਸੰਬੰਧੀ ਭਾਵੇਂ ਵੱਖ-ਵੱਖ ਵਿਅਕਤੀਆਂ ਦੀਆਂ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ ਪਰ ਇਹ ਲਗਾਤਾਰ ਪ੍ਰਚਾਰਿਆ ਜਾਂਦਾ ਰਿਹਾ ਹੈ

ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਤੋਂ ਇਲਾਵਾ ਪੇਂਡੂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਕੰਮ ਕਰਦੇ ਸਿੱਖ ਅਹੁਦੇਦਾਰਾਂ ਵਲੋਂ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਗਲੇ ਨਾ ਲਗਾਉਣਾ, ਸਵੀਕਾਰ ਨਾ ਕਰਨਾ ਅਤੇ ਸਿੱਖ ਸੰਸਥਾਵਾਂ ਦਾ ਲੋੜੋਂ ਵੱਧ ਰਾਜਨੀਤੀਕਰਨ ਕਰਨਾ ਜਿਸ ਕਰ ਕੇ ਨਿਮਨ ਵਰਗ ਦੇ ਲੋਕ ਸਿੱਖਾਂ ਤੋਂ ਦੂਰੀ ਬਣਾਉਂਦੇ ਗਏ।

ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਵਲੋਂ ਗੁਰਬਾਣੀ ਦੇ ਮਹਾਂਵਾਕ 'ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੋ ਮੰਦੇ' ਅਨੁਸਾਰ ਅਮਲ ਨਾ ਕੀਤਾ ਗਿਆ ਤਾਂ ਪੰਜਾਬ ਦੇ ਲੱਖਾਂ ਲੋਕ ਆਤਮਕ ਸ਼ਾਤੀ ਦੀ ਤਲਾਸ਼ ਵਿਚ ਡੇਰਿਆਂ ਵਲ ਨੂੰ ਹੋ ਤੁਰੇ ਜਿਸ ਨਾਲ ਸਿੱਖ ਧਰਮ ਦੇ ਵਿਰੋਧ ਵਿਚ ਡੇਰਿਆਂ ਦੀ ਗਿਣਤੀ ਲਗਾਤਾਰ ਵਧਦੀ ਗਈ। ਪੰਜਾਬ ਦੇ ਅਨੇਕਾਂ ਡੇਰਿਆਂ ਅਧੀਨ ਅਰਬਾਂ ਰੁਪਏ ਦੀ ਸੰਪਤੀ ਹੈ ਅਤੇ ਕਰੋੜਾਂ ਰੁਪਏ ਦੀ ਸਾਲਾਨਾ ਆਮਦਨ।

ਇਸ ਆਮਦਨ ਨਾਲ ਇੱਕੋ ਸਮੇਂ ਹਜ਼ਾਰਾਂ ਗ਼ਰੀਬ ਪਰਵਾਰਾਂ ਨੂੰ ਪਾਲਿਆ ਜਾ ਸਕਦਾ ਹੈ ਪਰ ਬਹੁਗਿਣਤੀ ਡੇਰਿਆਂ ਵਿਚ ਹੋ ਰਹੀ ਆਮਦਨ ਦੇ ਸਾਰੇ ਸਰੋਤਾਂ ਤੇ ਇਕਹਿਰੇ ਪਰਵਾਰਾਂ ਦਾ ਕਬਜ਼ਾ ਹੈ ਜਿਹੜੇ ਡੇਰਿਆਂ ਅੰਦਰ ਰਾਜਿਆਂ ਵਾਂਗ ਰਹਿ ਰਹੇ ਹਨ ਤੇ ਸਮਾਜ ਉਸਾਰੀ ਤੇ ਸਮਾਜ ਸੇਵਾ ਵਿੱਚ ਉਨ੍ਹਾਂ ਦਾ ਕਾਣੀ-ਕੌਡੀ ਜਿੰਨਾ ਵੀ ਯੋਗਦਾਨ ਨਹੀਂ।

ਸੂਬੇ ਅੰਦਰ ਅਨੇਕਾਂ ਡੇਰੇ ਇਸ ਤਰਾਂ ਦੇ ਵੀ ਹਨ ਜਿਹੜੇ ਸਟੇਟ ਹਾਈਵੇ, ਨੈਸ਼ਨਲ ਹਾਈਵੇ ਅਤੇ ਮਹਾਂਨਗਰਾਂ ਦੀਆਂ ਬਹੁਮੁੱਲੀਆਂ ਵਪਾਰਕ ਥਾਵਾਂ ਦੇ ਬਿਲਕੁਲ ਨਾਲ ਲਗਦੇ ਹਨ ਤੇ ਇਨ੍ਹਾਂ ਕੋਲ ਅਰਬਾਂ ਖਰਬਾਂ ਰੁਪਏ ਦੀ ਸੰਪਤੀ ਤੇ ਲੱਖਾਂ ਰੁਪਏ ਦਾ ਚੜ੍ਹਾਵਾ ਹੈ ਪਰ ਕੋਵਿਡ-19 ਵਰਗੀ ਮਹਾਂਮਾਰੀ ਦੌਰਾਨ ਇਨ੍ਹਾਂ ਡੇਰਿਆਂ ਵਿੱਚੋਂ ਬਹੁਗਿਣਤੀ ਨੇ ਅਪਣੇ ਬੂਹੇ ਜ਼ੋਰ ਨਾਲ ਭੇੜ ਕੇ ਰੱਖੇ ਜਦਕਿ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਇਮਤਿਹਾਨ ਦਾ ਅਸਲ ਸਮਾਂ ਸੀ। ਲੋਕਾਂ ਨੂੰ ਮੌਤ ਤੋਂ ਬਚਾਉਣ ਦੇ ਦਾਅਵੇ ਕਰਦੇ ਡੇਰਿਆਂ ਦੇ ਗੁਰੂ ਮੌਤ ਤੋਂ ਆਪ ਲੁਕਦੇ ਰਹੇ। ਪੰਜਾਬ ਅੰਦਰ ਇਸ ਸਮੇਂ ਡੇਰਿਆਂ ਦੀ ਗਿਣਤੀ ਕਰਨੀ ਕਠਿਨ ਕਾਰਜ ਹੈ ।