ਤੇਲ ਕੀਮਤਾਂ ਨੂੰ ਲੈ ਕੇ ਅਪਣੇ 'ਭਾਈਵਾਲਾਂ' ਖਿਲਾਫ਼ ਪ੍ਰਦਰਸ਼ਨ ਕਰੇਗਾ ਅਕਾਲੀ ਦਲ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਵੀ ਕੀਤਾ ਜਾਵੇਗਾ ਪ੍ਰਦਰਸ਼ਨ

Prem Singh Chandumajra

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦਰਮਿਆਨ ਪਈਆਂ ਤਰੇੜਾਂ ਸਬੰਧੀ ਕਨਸੋਆਂ ਭਾਵੇਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਪਿਛਲੇ ਦਿਨਾਂ ਦੌਰਾਨ ਗਠਜੋੜ ਵਿਚਕਾਰ ਵਖਰੇਵੇਂ ਸਬੰਧੀ ਦੋਵੇਂ ਦਲਾਂ ਦੇ ਆਗੂ ਆਨੇ-ਬਹਾਨੇ ਖੁਲ੍ਹ ਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਭਾਜਪਾ ਦੇ ਦਿਗਜ਼ ਆਗੂ ਮਦਨ ਮੋਹਨ ਮਿੱਤਲ ਪੰਜਾਬ ਅੰਦਰ 59 ਸੀਟਾਂ 'ਤੇ ਚੋਣ ਲੜਣ ਦਾ ਦਾਅਵਾ ਕਰ ਚੁੱਕੇ ਹਨ। ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਭਾਈਵਾਲ ਪਾਰਟੀ ਖਿਲਾਫ਼ ਝੰਡਾ ਚੁੱਕਣ ਦਾ ਮੰਨ ਬਣਾ ਲਿਆ ਹੈ।  

ਦੇਸ਼ ਭਰ ਅੰਦਰ ਜਿਸ ਤਰ੍ਹਾਂ ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਲੋਕਾਂ ਦਾ ਗੁੱਸਾ ਫੁੱਟਣ ਲੱਗਾ ਹੈ, ਉਸ ਨੂੰ ਲੈ ਕੇ ਅਕਾਲੀ ਦਲ ਨੇ ਪਰ ਤੋਲਣੇ ਸ਼ੁਰੂ ਕਰ ਦਿਤੇ ਹਨ। ਭਾਜਪਾ ਦੇ ਬਦਲੇ ਤੇਵਰਾਂ ਅਤੇ ਲੋਕਾਂ ਦੇ ਰੌਂਹ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਲੋਕ ਮੁੱਦੇ ਨੂੰ ਭੁਨਾਣ ਦਾ ਮੰਨ ਬਣਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੇ ਭਾਈਵਾਲਾਂ ਖਿਲਾਫ਼ ਸੂਬਾ ਪੱਧਰ 'ਤੇ ਧਰਨੇ ਦੇਣ ਸਬੰਧੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਾਕਾਇਦਾ ਐਲਾਨ ਵੀ ਕਰ ਦਿਤਾ ਹੈ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੁਤਾਬਕ ਵਧਦੀਆਂ ਤੇਲ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ  ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਵਧਾਈਆਂ ਜਾ ਰਹੀਆਂ ਕੀਮਤਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਤੇਲ ਕੀਮਤਾਂ ਹੋਰ ਵੀ ਵਧੇਰੇ ਹਨ, ਜਿਸ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ 7 ਜੁਲਾਈ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।  ਪ੍ਰੋ. ਚੰਦੂਮਾਜਰਾ ਨੇ ਦੋਸ਼ ਲਾਉਂਦਿਆਂ ਕਿਹਾ ਕਿ  ਪੰਜਾਬ ਵਿਚ ਕਈ ਲੋਕਾਂ ਦੇ ਨੀਲੇ ਕਾਰਡ ਕੱਟ ਦਿਤੇ ਗਏ ਸਨ, ਜਿਨ੍ਹਾਂ ਨੂੰ ਦੁਬਾਰਾ ਬਣਾਉਣ ਤੋਂ ਸਰਕਾਰ ਟਾਲਾ ਵੱਟ ਰਹੀ ਹੈ। ਇਸ ਲਈ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਸਰਕਾਰ ਖਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਭਰ ਅੰਦਰ ਕੀਤੇ ਜਾਣ ਵਾਲੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਨ੍ਹਾਂ ਪ੍ਰਦਰਸ਼ਨਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬਜ਼ੁਰਗ ਅਪਣੇ ਘਰਾਂ ਦੇ ਬਾਹਰ ਤਖ਼ਤੀਆਂ ਫੜ ਕੇ ਵਿਰੋਧ ਪ੍ਰਦਰਸ਼ਨ ਕਰਨਗੇ, ਜਦਕਿ ਨੌਜਵਾਨ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਅਪਣੇ ਵਿਰੋਧ ਦਾ ਪ੍ਰਗਟਾਵਾ ਕਰਨਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।