ਤੇਲ ਦੀਆਂ ਵਧੀਆਂ ਕੀਮਤਾਂ ਕਰ ਕੇ ਮੋਦੀ ਸਰਕਾਰ ਵਿਰੁਧ ਰੋਸ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਲ ਦੀਆਂ ਵਧੀਆਂ ਕੀਮਤਾਂ ਕਰ ਕੇ ਮੋਦੀ ਸਰਕਾਰ ਵਿਰੁਧ ਰੋਸ ਧਰਨਾ

1

ਝੁਨੀਰ, 30 ਜੂਨ (ਸੰਜੀਵ ਜਿੰਦਲ) : ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਝੁਨੀਰ ਵਿਖੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਕਾਰਨ ਮੋਦੀ ਸਰਕਾਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ  ਬੱਸ ਸਟੈਂਡ  ਨੇੜੇ ਪੈਟਰੋਲ ਪੰਪ ਤੇ  ਧਰਨਾ ਦਿੱਤਾ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ  ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ 20-25 ਦਿਨਾਂ ਤੋਂ ਵਾਧਾ ਹੋ ਰਿਹਾ ਹੈ ਜਦੋਂ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਹਰ ਰੋਜ਼ ਘਟ ਰਹੀਆਂ ਹਨ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਜਨਤਾ ਦਾ ਖੂਨ ਨਚੋੜਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਹਜ਼ਾਰਾਂ ਕਰੋੜ ਰੁਪਏ  ਕਰਜ਼ਾ ਮੁਆਫ ਕਰਕੇ ਮੋਦੀ ਉਨ੍ਹਾਂ ਨਾਲ ਆਪਣੀਆਂ ਯਾਰੀਆਂ ਪੁਗਾ ਰਿਹਾ ਹੈ । ਪਰੰਤੂ ਕਿਸਾਨਾਂ ਮਜ਼ਦੂਰਾਂ ਗਰੀਬਾਂ ਅਤੇ ਮੱਧ ਵਰਗ ਦਾ ਇੱਕ ਵੀ ਪੈਸਾ ਮੁਆਫ਼ ਨਹੀਂ ਕੀਤਾ । ਚੋਣਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਦੇ ਦੁੱਗਣੇ ਭਾਅ ਦਾ ਵਾਧਾ ਕਰਕੇ ਮੋਦੀ ਸਰਕਾਰ ਮੁੱਕਰ ਗਈ ਹੈ , ਹੁਣ ਕਿਸਾਨੀ ਫ਼ਸਲਾਂ ਦਾ ਭਾਅ ਖਤਮ ਕਰਕੇ ਮੋਦੀ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜ ਰਿਹਾ ਹੈ । ਚੋਣਾਂ ਜਿੱਤਣ ਤੋਂ ਪਹਿਲਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕਰਕੇ ਬਾਅਦ ਵਿੱਚ ਮੋਦੀ ਭੁੱਲ ਗਿਆ ਹੈ ।


 ਕਿਸਾਨ ਆਗੂਆਂ ਨੇ  ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਲੜਾਈ ਲੜਨ ਲਈ ਉਨ੍ਹਾਂ ਨੂੰ ਇਕ ਝੰਡੇ ਹੇਠਾਂ ਇਕੱਠੇ  ਹੋਣਾ ਚਾਹੀਦਾ ਹੈ  । ਅਖੀਰ ਵਿਚ ਆਗੂਆਂ ਨੇ  ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਦੀਆਂ ਕੀਮਤਾਂ ਦੇ ਭਾਅ ਕੌਮਾਂਤਰੀ ਬਾਜ਼ਾਰ ਦੀਆਂ ਕੀਮਤਾਂ ਦੇ ਬਰਾਬਰ ਹੋਣੇ ਚਾਹੀਦੇ ਹਨ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਅਨੁਸਾਰ ਤੈਅ ਹੋਣੇ ਚਾਹੀਦੇ ਹਨ ।


 ਧਰਨੇ ਤੋਂ ਬਾਅਦ ਕਿਸਾਨਾਂ ਨੇ ਸੜਕ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕੀ ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲਾ ਖਜ਼ਾਨਚੀ  ਕਾਮਰੇਡ ਜਗਰਾਜ ਸਿੰਘ ਹੀਰਕੇ,  ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਮਨਜੀਤ ਸਿੰਘ ਉਲਕ, ਪੰਜਾਬ ਕਿਸਾਨ ਯੂਨੀਅਨ ਦੇ ਹਾਕਮ ਸਿੰਘ ਝੁਨੀਰ, ਕਸ਼ਮੀਰ ਸਿੰਘ ਭੰਮੇ ਖੁਰਦ, ਜਗਦੀਸ਼ ਸ਼ਰਮਾ, ਲੀਲਾ ਉੱਡਤ, ਮਿੱਠੂ ਭੰਮੇ ਕਰਨੈਲ ਮਾਖਾ,  ਗੁਰਚਰਨ ਝੁਨੀਰ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ ।