ਭਾਜਪਾ ਦੇ ਰੁਖ਼ ਨੂੰ ਵੇਖਦਿਆਂ ਬਾਦਲ ਦਲ ਬਸਪਾ ਨਾਲ ਗੋਟੀਆਂ ਫ਼ਿਟ ਕਰਨ ਲੱਗਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਰੁਖ਼ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਦਰਖਾਤੇ ਅਪਣੀ

File Photo

ਚੰਡੀਗੜ੍ਹ, 29 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂਆਂ ਦੇ ਰੁਖ਼ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੰਦਰਖਾਤੇ ਅਪਣੀ ਸਿਆਸੀ ਨੀਤੀ ਵਿਚ ਤਬਦੀਲੀ ਬਾਰੇ ਵਿਚਾਰ ਵਟਾਂਦਰੇ ਸ਼ੁਰੂ ਕਰ ਦਿਤੇ ਹਨ। ਭਾਜਪਾ ਵਲੋਂ ਅਕਾਲੀ ਦਲ ਤੋਂ ਵੱਖ ਹੋ ਕੇ ਹੋਰ ਕੋਈ ਨਵਾਂ ਭਾਈਵਾਲ ਬਣਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਚਰਚਾ ਨੂੰ ਦੇਖਦਿਆਂ ਅਕਾਲੀ ਦਲ ਨੇ ਵੀ ਭਾਜਪਾ ਦੇ ਵਿਕਲਪ ਵਜੋਂ ਹੋਰ ਨਵਾਂ ਭਾਈਵਾਲ ਬਣਾਉਣ ਲਈ ਸਰਗਰਮੀ ਸ਼ੁਰੂ ਕਰ ਦਿਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਅਕਾਲੀ ਲੀਡਰਸ਼ਿਪ ਨੇ ਅੰਦਰਖਾਤੇ ਬਸਪਾ ਨਾਲ ਸਿਆਸੀ ਗੋਟੀਆਂ ਫਿੱਟ ਕਰਨ ਲਈ ਯਤਨ ਸ਼ੁਰੂ ਕਰ ਦਿਤੇ ਹਨ। ਜ਼ਿਕਰਯੋਗ ਹੈ ਕਿ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਕਹਿ ਚੁਕੇ ਹਨ ਕਿ ਜੇਕਰ ਅਕਾਲੀ ਦਲ ਭਾਜਪਾ ਦਾ ਸਾਥ ਛਡਦਾ ਹੈ ਤਾਂ ਤਾਲਮੇਲ ਬਾਰੇ ਸੋਚਿਆ ਜਾ ਸਕਦਾ ਹੈ। ਦੁਜੇ ਪਾਸੇ ਭਾਜਪਾ ਵੀ ਅਕਾਲੀ ਦਲ ਨਾਲੋਂ ਵੱਖ ਹੋਣ ਦੀ ਸੂਰਤ ਵਿਚ ਨਵੇਂ ਭਾਈਵਾਲ ਦੀ ਤਲਾਸ਼ ਲÂਂੀ ਸਰਗਰਮ ਹੋ ਚੁਕੀ ਹੈ। ਭਾਜਪਾ ਨੂੰ ਸਿੱਖ ਚੇਹਰੇ ਵਾਲੀ ਪਾਰਟੀ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਵੀ ਇਹ ਗੱਲ ਕਹਿ ਚੁਕੇ ਹਨ ਕਿ ਜੇਕਰ ਭਾਜਪਾ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਇਕੱਲੇ ਲੜਨ ਦਾ ਫ਼ੈਸਲਾ ਕਰਦੀ ਹੈ ਤਾਂ ਤਾਲਮੇਲ ਬਾਰੇ ਸੋਚਿਆ ਜਾ ਸਕਦਾ ਹੈ।

ਟਕਸਾਲੀ ਅਕਾਲੀ ਦਲ ਦੇ ਕਈ ਪ੍ਰਮੁੱਖ ਆਗੂ ਵੀ ਭਾਜਪਾ ਪ੍ਰਤੀ ਨਰਮ ਰਵਈਆ ਰਖਦੇ ਹਨ ਅਤੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਸਿਰਫ਼ ਬਾਦਲ ਦਲ ਹੈ ਤੇ ਜਾਂ ਕਾਂਗਰਸ ਨਾਲ ਸਿਆਸੀ ਲੜਾਈ ਹੈ। ਬਾਕੀ ਕਿਸੇ ਨਾਲ ਵੀ ਤਾਲਮੇਲ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਪਿਛਲੇ 2 ਮਹੀਨੇ ਦੌਰਾਨ ਕਈ ਵਾਰ ਖੁਲ੍ਹੇਆਮ ਮੀਡੀਆ ਵਿਚ ਬਿਆਨ ਦੇ ਚੁਕੇ ਹਨ ਕਿ ਭਾਜਪਾ ਇਸ ਵਾਰ 59 ੋਸੀਟਾਂ ਲੜਨ ਦੀ ਤਿਆਰੀ ਕਰ ਚੁਕੀ ਹੈ ਅਤੇ ਉਹ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਭਾਜਪਾ ਨੇ 37 ਲੜੀਆਂ ਜਾਣ ਵਾਲੀਆਂ ਸੀਟਾਂ ਦੀ ਪਹਿਚਾਣ ਵੀ ਕਰ ਲਈ ਹੈ।

ਇਸੇ ਤਰ੍ਹਾਂ ਇਕ ਹੋਰ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਵੀ ਭਾਜਪਾ ਮੀਟਿੰਗ ਵਿਚ ਵਾਰ ਵਾਰ ਇਸ ਵਾਰ ਅਕਾਲੀ ਦਲ ਤੋਂ ਵੱਖ ਹੋ ਕੇ ਅਪਣੇ ਬਲਬੂਤੇ ਚੋਣਾਂ ਲੜਨ ਦੀ ਮੰਗ ਉਠਾਉਂਦੇ ਹਨ। ਹੋਰ ਕਈ ਨੇਤਾ ਵੀ ਇਹੋ ਚਾਹੁੰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਵਿਰੁਧ ਪੰਜਾਬ ਵਿਚ ਵਿਰੋਧ ਕਾਰਨ ਵੀ ਅਕਾਲੀ ਦਲ ਲਈ ਮੁਸ਼ਕਲ ਸਥਿਤੀ ਬਣ ਰਹੀ ਹੈ ਤੇ ਪਟਰੌਲ ਤੇ ਡੀਜ਼ਲ ਰੇਟ ਵਿਚ ਵਾਧੇ ਵੀ ਅਕਾਲੀ ਦਲ ਲਈ ਸੂਬੇ ਵਿਚ ਕੇਂਦਰ ਦੇ ਰੱਵਈਏ ਨੂੰ ਲੈ ਕੇ ਮੁਸ਼ਕਲਾਂ ਖੜੀਆਂ ਕਰ ਰਹੇ ਹਨ। ਸਾਰੀਆਂ ਪਾਰਟੀਆਂ ਅਕਾਲੀ ਦਲ ਨੂੰ ਮੋਦੀ ਸਰਕਾਰ ਵਿਚ ਭਾਈਵਾਲ ਹੋਣ ਕਾਰਨ ਤਾਹਲੇ ਮਾਰਦੀਆਂ ਹਨ ਤੇ ਕੁਰਸੀ ਦਾ ਮੋਹ ਛੱਡਣ ਲਈ ਵਾਰ-ਵਾਰ ਚੁਣੋਤੀ ਦਿੰਦਿਆਂ ਹਨ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਹਾਲੇ ਵੀ ਲੋਕਾਂ ਵਿਚ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ ਤੇ ਕੇਂਦਰ ਦੇ ਕਈ ਫ਼ੈਸਲਿਆਂ ਕਾਰਨ ਅਕਾਲੀਆਂ ਲਈ ਸਥਿਤੀ ਸੰਕਟ ਵਾਲੀ ਬਣ ਰਹੀ ਹੈ ਜਿਸ ਕਾਰਨ ਅਕਾਲੀ ਅਪਣਾ ਆਧਾਰ ਬਚਾਉਣ ਲਈ ਆਉਂਦੀਆਂ ਚੋਣਾਂ ਵਿਚ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਭਾਜਪਾ ਦੀ ਪੰਜਾਬ ਦੇ ਕਈ ਪਾਰਟੀਆਂ ਨਾਲ ਸਬੰਧਤ ਆਧਾਰ ਰੱਖਣ ਵਾਲੇ ਸਿੱਖ ਚੇਹਰਿਆਂ ਉਤੇ ਵੀ ਨਜ਼ਰ ਹੈ ਤੇ ਕਈ ਅਜਿਹੇ ਚੇਹਰੇ ਚੋਣਾਂ ਤੋਂ ਪਹਿਲਾਂ ਅਲੱਗ ਹੋਣ ਦੀ ਸੂਰਤ ਵਿਚ ਭਾਜਪਾ ਦੇ ਖੇਮੇ ਵਿਚ ਜਾ ਸਕਦੇ ਹਨ। ਇਸ ਤਰ੍ਹਾਂ ਜੇ ਗਠਜੋੜਾਂ ਵਿਚ ਤੋੜ ਵਿਛੋੜਾ ਹੁੰਦਾ ਹੈ ਤਾਂ 2020 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਮੀਕਰਨ ਕੁਝ ਹੋਰ ਹੀ ਹੋ ਸਕਦੇ ਹਨ।