ਸੁਖਦ ਖ਼ਬਰ : ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਣ ਲੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਹਾਤੀ ਖੇਤਰਾਂ 'ਚ ਛੋਟੇ ਪ੍ਰਾਈਵੇਟ ਸਕੂਲਾਂ ਨੂੰ ਲੱਗੇ ਵੱਡੇ ਝਟਕੇ

File Photo

ਬਠਿੰਡਾ, 29 ਜੂਨ (ਸੁਖਜਿੰਦਰ ਮਾਨ) : ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਨੇ ਜਿਥੇ ਪ੍ਰਾਈਵੇਟ ਸਕੂਲਾਂ ਨੂੰ ਵੱਡੇ ਝਟਕੇ ਦਿਤੇ ਹਨ, ਉਥੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧਣ ਲੱਗੀ ਹੈ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਨਾਮਾਤਰ ਫ਼ੀਸਾਂ ਤੇ ਲਗਭਗ ਬਰਾਬਰ ਦੀਆਂ ਮਿਲਦੀਆਂ ਸਹੂਲਤਾਂ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਲ ਆਕਰਸ਼ਤ ਕੀਤਾ ਹੈ।

ਫ਼ੀਸਾਂ ਨੂੰ ਲੈ ਕੇ ਚਰਚਾ ਵਿਚ ਆਏ ਪ੍ਰਾਈਵੇਟ ਸਕੂਲਾਂ ਕਾਰਨ ਵੀ ਦਿਹਾਤੀ ਖੇਤਰਾਂ 'ਚ ਸਰਕਾਰੀ ਸਕੂਲਾਂ ਨੂੰ ਵੱਡਾ ਲਾਭ ਮਿਲਿਆ ਹੈ। ਹਾਲਾਂਕਿ ਸਾਲ 2013 ਤੋਂ ਸਰਕਾਰੀ ਸਕੂਲਾਂ 'ਚ ਹਰ ਸਾਲ ਬੱਚਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਸੀ ਪ੍ਰੰਤੂ ਇਸ ਵਾਰ ਚੌਖਾ ਵਾਧਾ ਵੇਖਣ ਨੂੰ ਮਿਲ ਰਿਹਾ। ਸੂਬੇ ਦੇ ਕਈ ਖੇਤਰਾਂ ਵਿਚ ਪੰਚਾਇਤੀ ਨੁਮਾਇੰਦਿਆਂ ਨੇ ਵੀ ਅਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਉਣ ਦੀ ਪਹਿਲਕਦਮੀ ਕੀਤੀ ਹੈ। ਇਸ ਤੋਂ ਇਲਾਵਾ ਬਹੁਤੇ ਥਾਂ ਅਧਿਆਪਕਾਂ ਨੇ ਅਪਣੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਦਾਖ਼ਲ ਕਰਵਾਏ ਹਨ।

ਅੰਕੜਿਆਂ ਮੁਤਾਬਕ ਇਕੱਲੇ ਬਠਿੰਡਾ ਜ਼ਿਲ੍ਹੇ 'ਚ ਹੀ ਇਸ ਵਾਰ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਿਚ 12 ਫ਼ੀ ਸਦੀ ਇਜ਼ਾਫ਼ਾ ਹੋਇਆ ਹੈ। ਸਿਖਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਸੱਭ ਤੋਂ ਵੱਡੀ ਸਫ਼ਲਤਾ ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਗਿਆਰਵੀਂ ਤੇ ਬਾਹਰਵੀਂ ਜਮਾਤ 'ਚ ਵੱਡਾ ਹੁਲਾਰਾ ਮਿਲਿਆ ਹੈ। ਇਕੱਲੀਆਂ ਸੀਨੀਅਰ ਸੈਕੰਡਰੀ ਦੀਆਂ ਜਮਾਤਾਂ 'ਚ ਹੀ ਵਿਦਿਆਰਥੀਆਂ ਦੀ ਗਿਣਤੀ ਡੇਢ ਗੁਣਾ ਵਧੀ ਹੈ।

ਜਦਕਿ ਪ੍ਰੀ-ਪ੍ਰਾਇਮਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਕ ਚੌਥਾਈ ਬੱਚੇ ਹੋਰ ਦਾਖ਼ਲ ਆਏ ਹਨ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸਿਖਿਆ ਵਿਭਾਗ ਦੁਆਰਾ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਵੀ ਸ਼ੁਰੂ ਕੀਤੀਆਂ ਹਨ, ਜਿਸਦਾ ਅਸਰ ਪ੍ਰਾਇਮਰੀ ਵਿੰਗ 'ਚ ਬੱਚਿਆਂ ਦੀ ਗਿਣਤੀ 'ਤੇ ਵੀ ਪੈਂਦਾ ਹੈ।
ਮਾਹਰਾਂ ਮੁਤਾਬਕ ਹਰ ਸਾਲ ਮਹਿੰਗੀ ਹੁੰਦੀ ਜਾ ਰਹੀ ਸਿਖਿਆ ਨੇ ਵੀ ਮਾਪਿਆਂ ਨੂੰ ਮੁੜ ਪ੍ਰਾਇਮਰੀ ਸਕੂਲਾਂ ਵਲ ਮੁੜਣ ਲਈ ਮਜਬੂਰ ਕੀਤਾ ਹੈ।

ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੇ ਕਿਹਾ ਕਿ ''ਸਰਕਾਰੀ ਸਕੂਲਾਂ 'ਚ ਦਾਖ਼ਲਿਆਂ ਤੋਂ ਬਾਅਦ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਵੀ ਵੰਡੀਆਂ ਜਾ ਚੁੱਕੀਆਂ ਹਨ ਤੇ ਹਰੇਕ ਅਧਿਆਪਕ ਸਕੂਲ ਨਾ ਲੱਗਣ ਦੇ ਬਾਵਜੂਦ ਅਪਣਪੀ ਜਮਾਤ ਦੇ ਬੱਚਿਆਂ ਨਾਲ ਜੁੜਿਆ ਹੋਇਆ ਹੈ।'' ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ 'ਚ ਮੁਫਤ ਪੜਾਈ ਤੋਂ ਇਲਾਵਾ ਮੁਫ਼ਤ ਕਿਤਾਬਾਂ, ਵਰਦੀਆਂ ਤੇ ਦੁਪਿਹਰ ਦਾ ਖਾਣਾ ਵੀ ਮੁਹੱਈਆਂ ਕਰਵਾਇਆ ਜਾਂਦਾ ਹੈ, ਜਿਸਦਾ ਦਿਹਾਤੀ ਖੇਤਰਾਂ ਵਿਚ ਵੱਡਾ ਪ੍ਰਭਾਵ ਦਾਖਲਿਆਂ 'ਤੇ ਪਿਆ ਹੈ।

ਗੌਰਤਲਬ ਹੈ ਕਿ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵੀ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਖ਼ੜਾ ਕਰਨ ਲਈ ਵੱਡੇ ਹੰਭਲੇ ਮਾਰ ਰਹੇ ਹਨ, ਜਿਸਦਾ ਅਸਰ ਵੀ ਹੁਣ ਦੇਖਣ ਨੂੰ ਮਿਲ ਰਿਹਾ। ਪ੍ਰਾਇਵੇਟ ਸਕੂਲਾਂ ਦੀ ਤਰਜ਼ 'ਤੇ ਸਮਰਾਟ ਸਕੂਲ ਬਣਾਉਣ ਤੇ ਨਾਲ ਹੀ ਇਮਾਰਤਾਂ ਦੀ ਦਿੱਖ ਨੂੰ ਸੁਧਾਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸਿਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਜੀਤ ਸਿੰਘ ਸੰਦੋਹਾ ਮੁਤਾਬਕ '' ਸੂਬਾ ਪੱਧਰ 'ਤੇ ਸਰਕਾਰੀ ਸਕੂਲਾਂ ਨੂੰ ਸਮਰਾਟ ਸਕੂਲ ਬਣਾਉਣ ਤੇ ਸ਼ੱਤ-ਪ੍ਰਤੀਸ਼ਤ ਨਤੀਜ਼ੇ ਲਿਆਉਣ ਦੀ ਧੁਨ ਨੇ ਬੱਚਿਆਂ ਤੇ ਮਾਪਿਆਂ ਨੂੰ ਆਕਰਸ਼ਿਤ ਕਰਨ 'ਚ ਵੱਡਾ ਯੋਗਦਾਨ ਪਾਇਆ ਹੈ। '' ਉਨ੍ਹਾਂ ਮੁਤਾਬਕ ਪੜੋ ਪੰਜਾਬ ਤੇ ਪੜਾਉ ਪੰਜਾਬ ਪ੍ਰਾਜੈਕਟ ਅਧੀਨ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮੁਕਾਬਲੇਬਾਜ਼ੀ 'ਤੇ ਵੀ ਜ਼ੋਰ ਦਿਤਾ ਜਾ ਰਿਹਾ। ਪਿਛਲੇ ਸਾਲਾਂ 'ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਤੀਜਿਆਂ ਵਿਚ ਵੀ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਟੱਪੇ ਹਨ।