ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ 'ਵੱਡੀ ਮੱਛੀ' ਨਾ ਛੱਡੋ : ਬੰਬਈ ਹਾਈ ਕੋਰਟ

ਏਜੰਸੀ

ਖ਼ਬਰਾਂ, ਪੰਜਾਬ

ਫ਼ਰਜ਼ੀ ਟੀਕਾਕਰਨ ਦੇ ਮਾਮਲਿਆਂ ਵਿਚ 'ਵੱਡੀ ਮੱਛੀ' ਨਾ ਛੱਡੋ : ਬੰਬਈ ਹਾਈ ਕੋਰਟ

image

ਮੁੰਬਈ, 29 ਜੂਨ : ਬੰਬਈ ਹਾਈ ਕੋਰਟ ਨੇ ਮੰਗਲਵਾਰ ਨੂੰ  ਕਿਹਾ ਕਿ ਸ਼ਹਿਰ ਵਿਚ ਫ਼ਰਜ਼ੀ ਕੋਰੋਨਾ ਟੀਕਾਕਰਨ ਕੈਂਪਾਂ ਦੀ ਜਾਂਚ ਕਰ ਰਹੀ ਮੁੰਬਈ ਪੁਲਿਸ ਨੂੰ  ਅਜਿਹੇ ਮਾਮਲਿਆਂ 'ਚ ਸ਼ਾਮਲ 'ਵੱਡੀ ਮੱਛੀ' ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ  ਨਹੀਂ ਛਡਣਾ ਚਾਹੀਦਾ | 
ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜੱਜ ਜੀ. ਐੱਸ. ਕੁਲਕਰਨੀ ਦੀ ਬੈਂਚ ਨੇ ਬ੍ਰਹਿਨਮੁੰਬਈ ਮਹਾਂਨਗਰ ਪਾਲਿਕਾ (ਬੀ.ਐਮ.ਸੀ.) ਨੂੰ  ਵੀ ਨਿਰਦੇਸ਼ ਦਿਤਾ ਕਿ ਉਹ ਅਦਾਲਤ ਨੂੰ  ਉਨ੍ਹਾਂ ਕਦਮਾਂ ਬਾਰੇ ਸੂਚਤ ਕਰੇ, ਜੋ ਨਗਰ ਬਾਡੀ ਨੇ ਐਂਟੀਬਾਡੀ ਲਈ ਅਜਿਹੇ ਕੈਂਪਾਂ ਵਲੋਂ ਠੱਗੇ ਗਏ ਲੋਕਾਂ ਅਤੇ ਨਕਲੀ ਟੀਕੇ ਕਾਰਨ ਉਨ੍ਹਾਂ ਦੀ ਸਿਹਤ 'ਤੇ ਕਿਸੇ ਵੀ ਵਿਰੋਧੀ ਪ੍ਰਭਾਵ ਦੀ ਜਾਂਚ ਲਈ ਕੀਤੇ ਹਨ | ਅਦਾਲਤ ਨੇ ਕੋਰੋਨਾ ਵਿਰੁਧ ਟੀਕਾਕਰਨ ਮੁਹਿੰਮ ਦੀ 
ਨਾਗਰਿਕਾਂ ਤਕ ਪਹੁੰਚ ਵਧਾਉਣ 'ਤੇ ਕਈ ਜਨਹਿਤ ਪਟੀਸ਼ਨਾਂ (ਪੀ.ਆਈ.ਐਲ.) 'ਤੇ ਸੁਣਵਾਈ ਕਰ ਰਹੀ ਸੀ | 
ਸੂਬੇ ਦੇ ਵਕੀਲ, ਐਡਵੋਕੇਟ ਦੀਪਕ ਠਾਕਰੇ ਨੇ ਹਾਈ ਕੋਰਟ ਨੂੰ  ਦਸਿਆ ਕਿ ਇਸ ਮਾਮਲੇ ਵਿਚ 7 ਪਰਚੇ ਦਰਜ ਕੀਤੇ ਗਏ ਹਨ ਅਤੇ 13 ਲੋਕਾਂ ਨੂੰ  ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਜਾਰੀ ਹੈ | ਬੀ.ਐਮ.ਸੀ. ਦੇ ਵਕੀਲ, ਸੀਨੀਅਰ ਐਡਵੋਕੇਟ ਅਨਿਲ ਸਖਾਰੇ ਨੇ ਅਦਾਲਤ ਨੂੰ  ਦਸਿਆ ਕਿ ਰਿਹਾਇਸ਼ ਕਮੇਟੀਆਂ ਅਤੇ ਦਫ਼ਤਰਾਂ ਲਈ ਨਿਜੀ ਕੋਰੋਨਾ ਟੀਕਾਕਰਨ ਕੈਂਪਾਂ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ.ਓ.ਪੀ.) ਨੂੰ  ਬੁਧਵਾਰ ਤਕ ਅੰਤਮ ਰੂਪ ਦਿਤਾ ਜਾਵੇਗਾ | ਇਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਐਡਵੋਕੇਟ ਠਾਕਰੇ ਨੂੰ  ਮਾਮਲੇ 'ਚ ਜਾਂਚ ਅਧਿਕਾਰੀਆਂ ਨੂੰ  ਕਹਿਣਾ ਚਾਹੀਦਾ ਹੈ ਕਿ ਉਹ ਘਪਲੇ 'ਚ ਸ਼ਾਮਲ ਮਿਲੇ ਕਿਸੇ ਵੀ ਵਿਅਕਤੀ ਨੂੰ  ਨਾ ਬਖਸ਼ਣ | ਅਦਾਲਤ ਨੇ ਕਿਹਾ,''ਹੋ ਸਕਦਾ ਹੈ ਕਿ ਵੱਡੀ ਮੱਛੀ ਦੀ ਪਛਾਣ ਕੀਤੀ ਜਾਣੀ ਬਾਕੀ ਹੋਵੇ | ਉਨ੍ਹਾਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ  ਬਖਸ਼ਿਆ ਨਹੀਂ ਜਾਣਾ ਚਾਹੀਦਾ | ਪੁਲਿਸ ਨੂੰ  ਕਿਹਾ ਜਾਵੇ ਕਿ ਜਾਂਚ ਸਹੀ ਹੋਣੀ ਚਾਹੀਦੀ ਅਤੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ  ਬਚਣ ਨਹੀਂ ਦੇਣਾ ਚਾਹੀਦਾ |'' (ਏਜੰਸੀ)