ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ  ਮਾਰੀ ਗੋਲੀ

ਏਜੰਸੀ

ਖ਼ਬਰਾਂ, ਪੰਜਾਬ

ਗੈਂਗਸਟਰ ਕਾਲਾ ਸੇਖੋਂ ਨੇ ਖ਼ੁਦ ਨੂੰ  ਮਾਰੀ ਗੋਲੀ

image


ਬਚਾਉ-ਬਚਾਉ ਦਾ ਰੌਲਾ ਪਾ ਕੇ ਫ਼ੇਸਬੁੱਕ 'ਤੇ ਹੋਇਆ 


ਬਠਿੰਡਾ, 29 ਜੂਨ (ਬਲਵਿੰਦਰ ਸ਼ਰਮਾ): ਸੀ ਕੈਟਾਗਿਰੀ ਗੈਂਗਸਟਰ ਮਨਜਿੰਦਰ ਸਿੰਘ ਕਾਲਾ ਸੇਖੋਂ ਨੇ ਅੱਜ ਇਥੇ ਖ਼ੁਦ ਨੂੰ  ਉਦੋਂ ਗੋਲੀ ਮਾਰ ਲਈ, ਜਦੋਂ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ | ਨਾਲ ਹੀ ਉਸ ਨੇ ਫੇਸਬੁੱਕ 'ਤੇ ਸਿੱਧਾ ਪ੍ਰਸਾਰਤ ਹੋ ਕੇ ਪੁਲਿਸ 'ਤੇ ਗੋਲੀ ਮਾਰਨ ਦਾ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਤੋਂ ਜਾਨ ਬਚਾਉਣ ਦੀ ਮੰਗ ਕੀਤੀ |
ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਅਨੁਸਾਰ ਕਾਲਾ ਸੇਖੋਂ ਪਿੰਡ ਜੱਸੀ ਬਾਗਵਾਲੀ ਵਿਖੇ ਅਪਣੀ ਮਾਸੀ ਦੇ ਖੇਤ 'ਚ ਟਰੈਕਟਰ ਨਾਲ ਹਲ ਵਾਹ ਰਿਹਾ ਸੀ | ਬੀਤੀ 22 ਜੂਨ ਨੂੰ  ਕੋਟਕਪੂਰਾ ਨੇੜੇ ਗੋਲੀ ਚਲਣ ਦੀ ਘਟਨਾ ਵਾਪਰੀ | ਇਸ ਮਾਮਲੇ 'ਚ ਜੋ ਮੁਲਜ਼ਮ ਸਾਹਮਣੇ ਆਏ | ਕਾਲਾ ਸੇਖੋਂ ਨੇ ਇਨ੍ਹਾਂ ਮੁਲਜ਼ਮਾਂ ਨੂੰ  ਅਸਲਾ ਸਪਲਾਈ ਕੀਤਾ ਸੀ | ਇਸੇ ਸਬੰਧ ਵਿਚ ਸੀ.ਆਈ.ਏ. ਸਟਾਫ਼ ਜੈਤੋ ਦੀ ਪੁਲਿਸ ਪਾਰਟੀ ਕਾਲਾ ਸੇਖੋਂ ਨੂੰ  ਗਿ੍ਫ਼ਤਾਰ ਕਰਨ ਪਹੁੰਚੀ ਸੀ | ਪੁਲਿਸ ਨੂੰ  ਦੇਖ ਕੇ ਕਾਲਾ ਸੇਖੋਂ ਟਰੈਕਟਰ ਲੈ ਕੇ ਭੱਜ ਲਿਆ ਜਿਸ ਦਾ ਪੁਲਿਸ ਪਿਛਾ ਕਰ ਰਹੀ ਸੀ | ਰਸਤੇ ਵਿਚ ਹੀ ਉਸ ਨੇ ਪਿਸਤੌਲ ਨਾਲ ਅਪਣੀ ਲੱਤ 'ਤੇ ਗੋਲੀ ਮਾਰ ਲਈ ਅਤੇ ਫਿਰ ਉਹ ਫੇਸਬੁੱਕ 'ਤੇ ਸਿੱਧਾ ਪ੍ਰਸਾਰਤ ਹੋਇਆ ਕਿ ਪੁਲਿਸ ਨੇ ਉਸ ਨੂੰ  ਗੋਲੀ ਮਾਰ ਦਿਤੀ ਹੈ ਤੇ ਹੋਰ ਗੋਲੀਆਂ ਮਾਰ ਰਹੇ ਹਨ | ਉਸ ਦਾ ਕਹਿਣਾ ਸੀ ਕਿ ''ਮੁੱਖ ਮੰਤਰੀ ਸਾਹਿਬ, ਮੈਨੂੰ ਬਚਾਉ, ਪੁਲਿਸ ਮੈਨੂੰ ਗ਼ਲਤ ਕੇਸ ਵਿਚ ਫਸਾ ਕੇ ਮਾਰ ਸਕਦੀ ਹੈ |'' ਫਿਰ ਕਾਲਾ ਸੇਖੋਂ ਅਪਣੀ ਮਾਸੀ ਦੇ ਘਰ ਚਲਾ ਗਿਆ, ਜਿਥੋਂ ਪੁਲਿਸ ਨੇ ਇਸ ਨੂੰ  ਗਿ੍ਫ਼ਤਾਰ ਕਰ ਲਿਆ | ਜ਼ਖ਼ਮੀ ਹਾਲਤ ਵਿਚ ਉਕਤ ਨੂੰ  ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ | ਡਾਕਟਰਾਂ ਨੇ ਹਾਲਤ ਗੰਭੀਰ ਕਰਾਰ ਦਿੰਦਿਆਂ ਉਕਤ ਨੂੰ  ਸਰਕਾਰੀ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ | ਇਸੇ ਦੌਰਾਨ ਕਾਲਾ ਸੇਖੋਂ ਦਾ ਕਹਿਣਾ ਸੀ ਕਿ ਉਸ ਨੇ ਕਿਸੇ ਨੂੰ  ਕੋਈ ਅਸਲਾ ਸਪਲਾਈ ਨਹੀਂ ਕੀਤਾ, ਪੁਲਿਸ ਉਸ 'ਤੇ ਝੂਠਾ ਕੇਸ ਪਾ ਰਹੀ ਹੈ | ਉਸ ਨੇ ਖ਼ੁਦ ਨੂੰ  ਗੋਲੀ ਨਹੀਂ ਮਾਰੀ, ਪੁਲਿਸ ਨੇ ਹੀ ਉਸ 'ਤੇ ਗੋਲੀਆਂ ਚਲਾਈਆਂ |

ਫੋਟੋ : 29ਬੀਟੀਡੀ2
ਸਿਵਲ ਹਸਪਤਾਲ ਬਠਿੰਡਾ 'ਚ ਕਾਲਾ ਸੇਖੋਂ -ਇਕਬਾਲ