ਲਾਟਰੀ ਘੁਟਾਲੇ ਦੀ ਜਾਂਚ ਕਰ ਰਹੀ AAP ਸਰਕਾਰ, ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ’ਚ ਕੀਤਾ ਖ਼ੁਲਾਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਪਾਲ ਚੀਮਾ ਨੇ ਦੱਸਿਆ ਕਿ ਜਨਵਰੀ ਤੋਂ ਮਈ 2022 ਤੱਕ ਲਾਟਰੀ ਤੋਂ 16.05 ਕਰੋੜ ਰੁਪਏ ਦੀ ਆਮਦਨ ਹੋਈ ਹੈ।

Harpal Singh Cheema


ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹੁਣ ਪਿਛਲੀ ਕਾਂਗਰਸ ਸਰਕਾਰ ਦੇ ਲਾਟਰੀ ਘੁਟਾਲੇ ਦਾ ਖ਼ੁਲਾਸਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਸ਼ੁਰੂ ਵਿਚ ਲਾਟਰੀ ਦਾ ਕੰਮ 65 ਕਰੋੜ ਵਿਚ ਅਲਾਟ ਕੀਤਾ ਗਿਆ ਸੀ। ਉਸ ਤੋਂ ਬਾਅਦ ਇਸ ਨੂੰ ਘਟਾ ਕੇ ਉਸੇ ਵਿਅਕਤੀ ਨੂੰ 35 ਕਰੋੜ ਰੁਪਏ ਵਿਚ ਅਲਾਟ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਜਾਂਚ ਕਰ ਰਹੀ ਹੈ ਕਿ ਇਸ ਦਾ ਕਾਰਨ ਕੀ ਸੀ? ਉਸ ਸਮੇਂ ਦੇ ਅਫਸਰਾਂ ਅਤੇ ਮੰਤਰੀਆਂ ਨੇ ਮਾਲੀਏ ਦਾ ਇੰਨਾ ਨੁਕਸਾਨ ਕਿਉਂ ਕੀਤਾ? ਵਿਭਾਗ ਉਸ ਦੀ ਜਾਂਚ ਕਰ ਰਿਹਾ ਹੈ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Harpal Singh Cheema

ਜਲੰਧਰ ਉੱਤਰੀ ਤੋਂ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਮੁੱਦਾ ਉਠਾਇਆ ਕਿ ਗੈਂਗਸਟਰ ਲਾਟਰੀ ਵਿਚ ਸ਼ਾਮਲ ਹੋ ਗਏ ਹਨ। ਲੋਕਾਂ ਦੇ ਪੈਸੇ ਦੀ ਜ਼ਬਰਦਸਤੀ ਲੁੱਟ ਕੀਤੀ ਜਾ ਰਹੀ ਹੈ। ਅਜਿਹੀ ਨੀਤੀ ਬਣਾਈ ਜਾਵੇ ਕਿ ਖਾਸ ਤੌਰ 'ਤੇ ਆਈ.ਪੀ.ਐੱਲ 'ਤੇ ਚੱਲ ਰਹੀ ਸੱਟੇਬਾਜ਼ੀ ਨੂੰ ਰੋਕਿਆ ਜਾਵੇ।

Lottery

ਵਿਧਾਇਕ ਦੇ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਜਨਵਰੀ ਤੋਂ ਮਈ 2022 ਤੱਕ ਲਾਟਰੀ ਤੋਂ 16.05 ਕਰੋੜ ਰੁਪਏ ਦੀ ਆਮਦਨ ਹੋਈ ਹੈ। ਗੈਰ-ਕਾਨੂੰਨੀ ਲਾਟਰੀ ਦੇ ਮਾਮਲੇ 'ਚ ਜਲੰਧਰ 'ਚ 71 ਮਾਮਲੇ ਦਰਜ ਕੀਤੇ ਗਏ ਹਨ। ਪੰਜਾਬ ਵਿਚ ਆਨਲਾਈਨ ਲਾਟਰੀਆਂ ਬੰਦ ਹਨ। ਜਦੋਂ ਵੀ ਗੈਰ-ਕਾਨੂੰਨੀ ਕੰਮ ਦੇਖਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਵਿਚ ਹਰ ਜ਼ਿਲ੍ਹੇ ਵਿਚ ਸਾਈਬਰ ਸੈੱਲ ਬਣਾਏ ਜਾ ਰਹੇ ਹਨ। ਇਸ ਲਈ 30 ਕਰੋੜ ਦਾ ਬਜਟ ਰੱਖਿਆ ਗਿਆ ਹੈ। ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ।