ਮੁਫ਼ਤ ਬਿਜਲੀ ਨੇ ਪੰਜਾਬ ਸਰਕਾਰ 'ਤੇ ਵਧਾਇਆ 6625 ਕਰੋੜ ਰੁਪਏ ਦਾ ਬੋਝ, 1 ਸਾਲ 'ਚ ਕੁਨੈਕਸ਼ਨ 3.32 ਲੱਖ ਅਤੇ ਖਪਤ 296 ਕਰੋੜ ਯੂਨਿਟ ਵਧੀ
ਮੁਫ਼ਤ ਬਿਜਲੀ ਲਈ ਲੋਕਾਂ ਨੇ 1 ਘਰ 'ਚ ਲਏ 2-2 ਕੁਨੈਕਸ਼ਨ
ਚੰਡੀਗੜ੍ਹ : ਪੰਜਾਬ ਵਿਚ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਇੱਕ ਸਾਲ ਪੂਰਾ ਹੋ ਗਿਆ ਹੈ। ਪੰਜਾਬ ਦੇ ਖਪਤਕਾਰ ਇਸ ਸਕੀਮ ਤੋਂ ਖੁਸ਼ ਨਹੀਂ ਹਨ, ਕਿਉਂਕਿ ਸੂਬੇ ਦੇ 87 ਫੀਸਦੀ ਖਪਤਕਾਰਾਂ ਦਾ ਬਿਜਲੀ ਬਿੱਲ ਜ਼ੀਰੋ 'ਤੇ ਆ ਰਿਹਾ ਹੈ। ਇੱਕ ਸਾਲ ਵਿਚ ਰਿਕਾਰਡ 3,32,655 ਨਵੇਂ ਕੁਨੈਕਸ਼ਨਾਂ ਵਿਚ ਵੀ ਵਾਧਾ ਹੋਇਆ ਹੈ।
ਇਸ ਸਕੀਮ ਦਾ ਲਾਭ ਲੈਣ ਲਈ ਕਈ ਲੋਕਾਂ ਨੇ ਵੱਖ-ਵੱਖ ਪ੍ਰਵਾਰਕ ਮੈਂਬਰਾਂ ਦੇ ਨਾਂ 'ਤੇ ਕੁਨੈਕਸ਼ਨ ਲਏ ਹਨ। ਹੁਣ ਕੁੱਲ 77,46,972 ਘਰੇਲੂ ਕੁਨੈਕਸ਼ਨ ਹਨ। ਪਹਿਲਾਂ, SC, BC, ਸੁਤੰਤਰਤਾ ਸੈਨਾਨੀ ਪ੍ਰਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਾਉਣ ਨਾਲ 1600 ਕਰੋੜ ਰੁਪਏ ਦੀ ਸਬਸਿਡੀ ਦਾ ਬੋਝ ਪੈਂਦਾ ਸੀ।
ਹੁਣ ਸਰਕਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਸਕੀਮ ਕਾਰਨ 6625 ਕਰੋੜ ਰੁਪਏ ਹੋਰ ਸਬਸਿਡੀ ਦੇਣੀ ਪਈ ਹੈ, ਯਾਨੀ ਹੁਣ 8225 ਕਰੋੜ ਰੁਪਏ ਦੀ ਸਬਸਿਡੀ ਦਿਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਸਕੀਮ ਦੇ ਬਾਵਜੂਦ ਪੰਜਾਬ ਵਿਚ ਇੱਕ ਸਾਲ ਵਿਚ ਬਿਜਲੀ ਚੋਰੀ ਦੇ 48% ਮਾਮਲੇ ਵਧੇ ਹਨ। ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਅਨੁਸਾਰ ਇੱਕ ਸਾਲ ਵਿਚ ਘਰੇਲੂ ਖਪਤ ਵਿੱਚ 20 ਫੀਸਦੀ ਵਾਧਾ ਹੋਇਆ ਹੈ।
ਵਿੱਤੀ ਸਾਲ 2021-22 ਵਿਚ ਖਪਤ 1,454 ਕਰੋੜ ਯੂਨਿਟ ਸੀ, ਜੋ 2022-23 ਵਿਚ ਵਧ ਕੇ 1,750 ਕਰੋੜ ਯੂਨਿਟ ਹੋ ਗਈ ਹੈ। ਇਧਰ ਪੰਜਾਬ ਸਰਕਾਰ ਨੇ 2022-23 ਦੀ ਸਬਸਿਡੀ ਪਾਵਰਕਾਮ ਨੂੰ ਅਦਾ ਕਰ ਦਿਤੀ ਹੈ। ਪਿਛਲੀ ਸਰਕਾਰ ਦੀ 7,216 ਕਰੋੜ ਰੁਪਏ ਦੀ ਸਬਸਿਡੀ ਅਜੇ ਵੀ ਬਕਾਇਆ ਹੈ।