ਸੁਖਬੀਰ ਤੇ ਬਿਕਰਮ ਮਜੀਠੀਆ ਦੇ ਦਬਾਅ 'ਤੇ ਹਰਦਿਆਲ ਸਿੰਘ ਮਾਨ ਕਰਦੇ ਰਹੇ ਕੰਮ: ਬਿੱਟੂ ਔਲਖ
'ਹਰਦਿਆਲ ਮਾਨ ਕੋਲ ਅਮਰੀਕਾ ਵਿੱਚ ਪੈਟਰੋਲ ਪੰਪ ਅਤੇ ਹੋਟਲ ਕਿੱਥੋਂ ਆਏ?'
ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਮਾਮਲੇ ਵਿੱਚ ਬਿੱਟੂ ਔਲਖ ਤੇ ਜਗਜੀਤ ਚਾਹਲ ਨੇ ਵਿਜੀਲੈਂਸ ਕੋਲ ਬਿਆਨ ਦਰਜ ਕਰਵਾਏ ਹਨ। ਬਿਆਨ ਦਰਜ ਕਰਵਾਉਣ ਮਗਰੋਂ ਬਿਟੂ ਔਲਖ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿੱਟੂ ਔਲਖ ਨੇ ਕਿਹਾ ਹੈ ਕਿ ਅਸੀਂ ਸਾਰੇ ਸਵਾਲਾਂ ਦੇ ਜਵਾਬ ਇਮਾਨਦਾਰੀ ਨਾਲ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈਕਿ ਸਾਲ 2013 ਵਿੱਚ ਪੁਲਿਸ ਨੇ ਸਹੀ ਜਾਂਚ ਨਹੀਂ ਕੀਤੀ।
ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇ ਨਸ਼ੇ ਦਾ ਕਾਰੋਬਾਰ ਮੈਂ ਕੀਤਾ ਹੈ ਤਾਂ ਫਿਰ ਚੌਂਕ ਵਿੱਚ ਗੋਲੀ ਮਾਰ ਦਿਓ। 2013 ਵਿੱਚ ਪੁਲਿਸ ਅਧਿਕਾਰੀ ਹਰਦਿਆਲ ਸਿੰਘ ਇਸ ਮਾਮਲੇ ਦੇ ਜਾਂਚ ਅਧਿਕਾਰੀ ਸਨ ਉਨ੍ਹਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਉਹ ਇਕ ਭ੍ਰਿਸ਼ਟ ਅਫ਼ਸਰ ਸਨ। ਜਵਾਬ ਵਿੱਚ ਕਿਹਾ ਹੈ ਕਿ ਹਰਦਿਆਲ ਸਿੰਘ ਮਾਨ ਕੋਲ ਅਮਰੀਕਾ ਵਿੱਚ ਪੈਟਰੋਲ ਪੰਪ ਅਤੇ ਹੋਟਲ ਕਿੱਥੋ ਆਏ?। ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਤੇ ਮਜੀਠੀਆ ਦੇ ਦਬਾਅ ਹੇਠ ਹਰਦਿਆਲ ਕੰਮ ਕਰਦੇ ਸਨ।
ਬਿੱਟੂ ਔਲਖ ਨੇ ਦੱਸਿਆ ਹੈ ਕਿ ਅਸੀਂ ਆਰਟੀਆਈ ਪਾ ਕੇ ਪੁਲਿਸ ਅਫ਼ਸਰ ਹਰਦਿਆਲ ਸਿੰਘ ਮਾਨ ਨੂੰ ਪੁੱਛਿਆ ਕਿ 6000 ਕਰੋੜ ਕਿਥੋ ਆਇਆ ਤੇ ਕੀ ਮਾਮਲਾ ਹੈ ਪਰ ਕੋਈ ਜਵਾਬ ਨਹੀਂ ਦਿੱਤਾ ਅਤੇ ਇਸ ਅਫ਼ਸਰ ਨੇ ਕੇਸ ਵਿੱਚ ਵੱਖ-ਵੱਖ ਬੰਦਿਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਅਤੇ ਪੈਸੇ ਲੈ ਕੇ ਬੰਦੇ ਛੱਡ ਦਿੰਦਾ ਸੀ। ਇਸ ਕੋਲ ਵਿਦੇਸ਼ਾਂ ਵਿੱਚ ਧਨ ਕਿੱਥੋਂ ਆਇਆ।ਔਲਖ ਨੇ ਕਿਹਾ ਹੈ ਕਿ ਵਿਜੀਲੈਂਸ ਹਰਦਿਆਲ ਸਿੰਘ ਮਾਨ ਨੂੰ ਸੱਦ ਲਵੇ ਤੇ ਫਿਰ ਦੇਖੋ ਮਜੀਠੀਆ ਮਾਮਲੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਉਨ੍ਹਾਂ ਨੇ ਕਿਹਾ ਹੈਕਿ 6000 ਕਰੋੜ ਕਿੱਥੋ ਆਇਆ ਅਤੇ ਹੁਣ 540 ਕਰੋੜ ਦੀ ਗੱਲ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਬਰੀ ਹੋ ਕੇ ਘਰੇ ਆ ਗਏ। ਉਨ੍ਹਾ ਨੇ ਕਿਹਾ ਹੈਕਿ ਹਮੇਸ਼ਾ ਬਿੱਟੂ ਔਲਖ ਤੇ ਜਗਜੀਤ ਚਾਹਲ ਨੂੰ ਹੀ ਬਦਨਾਮ ਕੀਤਾ ਗਿਆ ਪਰ ਕੋਰਟ ਨੇ ਸਾਨੂੰ ਬਰੀ ਕਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 6 ਸਾਲ ਜੇਲ੍ਹ ਕੱਟ ਕੇ ਆਏ ਹਨ। ਔਲਖ ਨੇ ਕਿਹਾ ਹੈ ਕਿ ਡਰੱਗ ਉੱਤੇ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਨਸ਼ੇ ਕਿਸਨੇ ਵੇਚਿਆ ਅਤੇ ਰੁਪਏ ਕਿੱਥੇ ਗਏ।
ਜਗਜੀਤ ਚਾਹਲ ਨੇ ਕਿਹਾ ਹੈ ਕਿ ਵਿਜੀਲੈਂਸ ਦੀ ਜਾਂਚ ਉੱਤੇ ਸਾਨੂੰ ਭਰੋਸਾ ਹੈ ਕਿ ਹੁਣ ਗੱਲ ਕਿਸੇ ਨਤੀਜੇ ਉੱਤੇ ਪਹੁੰਚੇਗੀ। ਉਨ੍ਹਾਂ ਨੇ ਕਿਹਾ ਹੈਕਿ ਹੁਣ ਤੱਕ ਕਈ ਸਿੱਟ ਬਣੀਆ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਪੰਜਾਬ ਸਰਕਾਰ ਕੰਮ ਕਰ ਰਹੀ ਤੇ ਨਤੀਜੇ ਦੀ ਆਸ ਰੱਖ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈਕਿ ਓਪਨ ਜਾਂਚ ਕੀਤੀ ਜਾਵੇਗੀ ਤੇ ਸਾਡਾ ਸਾਰਾ ਭਵਿੱਖ ਇਨ੍ਹਾਂ ਨੇ ਖਤਮ ਕਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀਆਂ ਮਾਵਾਂ ਤਰਸਦੀਆਂ ਚੱਲੀਆਂ ਗਈਆਂ।