ਪਾਕਿਸਤਾਨੀ ਦੇ ਨਾਬਾਲਗ ਜੋੜੇ ਦਾ ਭਾਰਤ ਵਸਣ ਦਾ ਸੁਪਨਾ ਦੁਖਾਂਤ ’ਚ ਖਤਮ
ਸਰਹੱਦ ਪਾਰ ਕਰਦੇ ਸਮੇਂ ਪਿਆਸ ਕਰਨ ਹੋਈ ਮੌਤ
ਜੈਸਲਮੇਰ : ਭਾਰਤ ’ਚ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦਾ ਚਾਹਵਾਨ ਪਾਕਿਸਤਾਨ ਦਾ ਇਕ ਨਾਬਾਲਗ ਜੋੜਾ ਜਦੋਂ ਭਾਰਤੀ ਵੀਜ਼ਾ ਹਾਸਲ ਕਰਨ ’ਚ ਨਾਕਾਮਯਾਬ ਰਿਹਾ ਤਾਂ ਨਿਰਾਸ਼ਾ ’ਚ, ਉਨ੍ਹਾਂ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਥਾਰ ਮਾਰੂਥਲ ਰਾਹੀਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਨ੍ਹਾਂ ਲਈ ਮਾਰੂ ਸਾਬਤ ਹੋਈ।
17 ਸਾਲ ਦਾ ਮੁੰਡਾ ਅਤੇ 15 ਸਾਲ ਦੀ ਕੁੜੀ ਨੇ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਦਿਆਂ ਜੈਸਲਮੇਰ ਵਿਚ ਦਾਖਲ ਹੋਣ ਵਿਚ ਸਫਲਤਾ ਤਾਂ ਹਾਸਲ ਕੀਤੀ, ਪਰ ਸਖ਼ਤ ਗਰਮੀ ਆਖਰਕਾਰ ਉਨ੍ਹਾਂ ਲਈ ਘਾਤਕ ਸਾਬਤ ਹੋਈ, ਜਦੋਂ ਜੋੜੇ ਦੀ ਕਥਿਤ ਤੌਰ ਉਤੇ ਸਰੀਰ ਦਾ ਪਾਣੀ ਖ਼ਤਮ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀਆਂ ਗਲੀਆਂ-ਸੜੀਆਂ ਹੋਈਆਂ ਲਾਸ਼ਾਂ 28 ਜੂਨ ਨੂੰ ਤਨੋਟ ਖੇਤਰ ਵਿਚ ਮਿਲੀਆਂ ਸਨ।
ਪੁਲਿਸ ਸੁਪਰਡੈਂਟ (ਐਸ.ਪੀ.) ਚੌਧਰੀ ਨੇ ਦਸਿਆ ਕਿ ਲੜਕੇ ਦੀ ਲਾਸ਼ ਇਕ ਦਰੱਖਤ ਹੇਠੋਂ ਮਿਲੀ ਹੈ। ਉਸ ਨੇ ਨੀਲੇ ਰੰਗ ਦਾ ਸਲਵਾਰ ਕੁੜਤਾ ਪਹਿਨਿਆ ਹੋਇਆ ਸੀ। ਲਾਸ਼ ਦੇ ਨੇੜੇ ਇਕ ਪੀਲੇ ਰੰਗ ਦਾ ਸਕਾਰਫ ਅਤੇ ਇਕ ਮੋਬਾਈਲ ਫੋਨ ਵੀ ਮਿਲਿਆ ਹੈ, ਜਿਸ ਨਾਲ ਇਕ ਖਾਲੀ ਬੋਤਲ ਸੀ, ਜਿਸ ਵਿਚ ਸ਼ਾਇਦ ਪਹਿਲਾਂ ਪਾਣੀ ਸੀ।
ਕਰੀਬ 50 ਫੁੱਟ ਦੀ ਦੂਰੀ ਉਤੇ ਪੁਲਿਸ ਨੂੰ ਲੜਕੀ ਦੀ ਲਾਸ਼ ਮਿਲੀ, ਜਿਸ ਨੇ ਪੀਲੇ ਰੰਗ ਦਾ ਘੱਗਰਾ-ਕੁਰਤਾ ਅਤੇ ਲਾਲ-ਚਿੱਟੀ ਚੂੜੀਆਂ ਪਹਿਨੀਆਂ ਹੋਈਆਂ ਸਨ। ਦੋਵੇਂ ਲਾਸ਼ਾਂ ਆਹਮੋ-ਸਾਹਮਣੇ ਪਈਆਂ ਸਨ ਅਤੇ ਇਸ ਹੱਦ ਤਕ ਸੜ ਗਈਆਂ ਸਨ ਕਿ ਚਿਹਰੇ ਦੀ ਪਛਾਣ ਸੰਭਵ ਨਹੀਂ ਸੀ। ਚੌਧਰੀ ਨੇ ਕਿਹਾ ਕਿ ਦੋਵੇਂ ਲਾਸ਼ਾਂ ਕਈ ਦਿਨ ਪੁਰਾਣੀਆਂ ਜਾਪਦੀਆਂ ਹਨ, ਜੋ ਸੜਨ ਕਾਰਨ ਕਾਲੀਆਂ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ ’ਚ ਉਨ੍ਹਾਂ ਦੀ ਮੌਤ ਸਰੀਰ ਦਾ ਪਾਣੀ ਖ਼ਤਮ ਹੋਣ ਕਾਰਨ ਹੋਈ ਹੈ। ਲਾਸ਼ਾਂ ਦੇ ਨੇੜੇ ਪਾਕਿਸਤਾਨੀ ਪਛਾਣ ਪੱਤਰ ਵੀ ਮਿਲੇ ਹਨ।
ਸੀਮਾਂਤ ਲੋਕ ਸੰਗਠਨ ਦੇ ਜ਼ਿਲ੍ਹਾ ਕੋਆਰਡੀਨੇਟਰ ਦਿਲੀਪ ਸਿੰਘ ਸੋਧਾ ਨੇ ਦਸਿਆ ਕਿ ਲੜਕਾ ਪਾਕਿਸਤਾਨ ਦੇ ਸਿੰਧ ਸੂਬੇ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਕਰੀਬ ਡੇਢ ਸਾਲ ਪਹਿਲਾਂ ਭਾਰਤ ਦੇ ਤੀਰਥ ਯਾਤਰਾ ਵੀਜ਼ੇ ਲਈ ਅਰਜ਼ੀ ਦਿਤੀ ਸੀ। ਸੋਧਾ ਨੇ ਕਿਹਾ ਕਿ ਜਦੋਂ ਲੜਕੇ ਨੇ ਭਾਰਤੀ ਵੀਜ਼ਾ ਹਾਸਲ ਕਰਨ ਦੀ ਸਾਰੀ ਉਮੀਦ ਗੁਆ ਦਿਤੀ ਤਾਂ ਉਸ ਨੇ ਅਪਣੀ ਪਤਨੀ ਨਾਲ ਸਰਹੱਦ ਪਾਰ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਕਿਹਾ, ‘‘ਉਹ ਭਾਰਤ ਵਿਚ ਰਹਿਣਾ ਚਾਹੁੰਦਾ ਸੀ। ਉਹ ਕਿਸੇ ਤਰ੍ਹਾਂ ਭਾਰਤੀ ਖੇਤਰ ਵਿਚ ਦਾਖਲ ਹੋਇਆ ਪਰ ਬਦਕਿਸਮਤੀ ਨਾਲ ਬਿਹਤਰ ਜ਼ਿੰਦਗੀ ਦੀ ਉਮੀਦ ਵਿਚ ਉਸ ਦੀ ਮੌਤ ਹੋ ਗਈ।’’ ਸੋਧਾ ਨੇ ਸੋਸ਼ਲ ਮੀਡੀਆ ਉਤੇ ਆਈ.ਡੀ. ਕਾਰਡਾਂ ਦੇ ਵੇਰਵੇ ਵੰਡੇ ਅਤੇ ਜੈਸਲਮੇਰ ਵਿਚ ਲੜਕੇ ਦੇ ਰਿਸ਼ਤੇਦਾਰਾਂ ਦੇ ਸੰਪਰਕ ਵਿਚ ਆਇਆ, ਜਿਨ੍ਹਾਂ ਨੇ ਉਸ ਦੀ ਪਛਾਣ ਦੀ ਪੁਸ਼ਟੀ ਕੀਤੀ।
ਸੀਮਾਂਤ ਲੋਕ ਸੰਗਠਨ ਭਾਰਤ ਵਿਚ ਪਾਕਿਸਤਾਨੀ ਘੱਟ ਗਿਣਤੀ ਪ੍ਰਵਾਸੀਆਂ ਦੇ ਅਧਿਕਾਰਾਂ ਲਈ ਇਕ ਵਕਾਲਤ ਸਮੂਹ ਹੈ। ਦੋਹਾਂ ਵਲੋਂ ਕੀਤੀ ਗਈ ਮੁਸ਼ਕਲ ਯਾਤਰਾ ਦਾ ਵੇਰਵਾ ਸਾਂਝਾ ਕਰਦਿਆਂ ਸੋਧਾ ਨੇ ਕਿਹਾ ਕਿ ਉਸ ਦੇ ਰਿਸ਼ਤੇਦਾਰਾਂ ਅਨੁਸਾਰ, ਲੜਕੇ ਦੀ ਬਾਈਕ ਸਰਹੱਦ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ਉਤੇ ਮਿਲੀ ਸੀ ਅਤੇ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਦੇ ਅੰਦਰ ਲਗਭਗ 12-13 ਕਿਲੋਮੀਟਰ ਅੰਦਰ ਮਿਲੀਆਂ ਸਨ। ਇਸ ਤੋਂ ਪਤਾ ਲਗਦਾ ਹੈ ਕਿ ਉਹ ਕਈ ਕਿਲੋਮੀਟਰ ਤਕ ਮਾਰੂਥਲ ਵਿਚ ਤੁਰਦੇ ਰਹੇ ਸਨ।
ਜੈਸਲਮੇਰ ਦੇ ਸਰਕਲ ਅਧਿਕਾਰੀ ਰੂਪ ਸਿੰਘ ਇੰਦਾ ਨੇ ਕਿਹਾ ਕਿ ਪੁਲਿਸ ਨੇ ਜੈਸਲਮੇਰ ਦੇ ਸਥਾਨਕ ਵਿਦੇਸ਼ੀ ਰਜਿਸਟ੍ਰੇਸ਼ਨ ਦਫਤਰ (ਐਫ.ਆਰ.ਓ.) ਤੋਂ ਲੜਕੇ ਦੀ ਵੀਜ਼ਾ ਅਰਜ਼ੀ ਬਾਰੇ ਜਾਣਕਾਰੀ ਮੰਗੀ ਹੈ। ਇੰਦਾ ਨੇ ਕਿਹਾ, ‘‘ਸਾਨੂੰ ਅਜੇ ਤਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।’’ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਅੰਤਿਮ ਸੰਸਕਾਰ ਸਥਾਨਕ ਅਧਿਕਾਰੀਆਂ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।