'ਆਪ' ਚੀਮਾ ਨੂੰ ਨੇਤਾ ਵਿਰੋਧੀ ਧਿਰ ਰੱਖਣ ਤੇ ਡਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਰਵਿੰਦ ਕੇਜਰੀਵਾਲ ਦੀ ਗ਼ੈਰਮੌਜੂਦਗੀ 'ਚ ਹੋਈ ਆਮ ਆਦਮੀ ਪਾਰਟੀ (ਆਪ) ਦੀ ਬੈਠਕ ਬੇਨਤੀਜਾ ਰਹੀ। ਪਾਰਟੀ ਹਾਈਕਮਾਨ ਹਰਪਾਲ ਸਿੰਘ ਚੀਮਾ ਨੂੰ ਨੇਤਾ...

Sukhpal Singh Khaira

ਚੰਡੀਗੜ,  ਅਰਵਿੰਦ ਕੇਜਰੀਵਾਲ ਦੀ ਗ਼ੈਰਮੌਜੂਦਗੀ 'ਚ ਹੋਈ ਆਮ ਆਦਮੀ ਪਾਰਟੀ (ਆਪ) ਦੀ ਬੈਠਕ ਬੇਨਤੀਜਾ ਰਹੀ। ਪਾਰਟੀ ਹਾਈਕਮਾਨ ਹਰਪਾਲ ਸਿੰਘ ਚੀਮਾ ਨੂੰ ਨੇਤਾ ਵਿਰੋਧੀ ਧਿਰ ਰੱਖਣ ਤੇ ਡਟੀ ਹੋਈ ਹੈ। ਬੜੇ ਤਲਖ ਮਾਹੌਲ 'ਚ ਹੋਈ ਇਸ ਮੀਟਿੰਗ ਲਈ ਕੇਜਰੀਵਾਲ ਦੇ ਸੱਦੇ ਉੱਤੇ ਦਿੱਲੀ ਪੁਜੇ ਸੁਖਪਾਲ ਸਿੰਘ ਖਹਿਰਾ ਸਣੇ ਨਾਰਾਜ਼ ਵਿਧਾਇਕਾਂ ਵਲੋਂ ਹਾਈਕਮਾਨ ਨੂੰ ਅੱਖਾਂ ਵਿਖਾਉਂਦੇ ਹੋਏ ਉਨ੍ਹਾਂ ਵਲੋਂ 2 ਅਗੱਸਤ ਦੇ ਬਠਿੰਡਾ ਸ਼ਕਤੀ ਪ੍ਰਦਰਸ਼ਨ ਦੇ ਐਲਾਨ ਉਤੇ ਕਾਇਮ ਰਹਿਣ ਦੀ ਗੱਲ ਕਹਿ ਕੇ ਦਿੱਲੀ ਤੋਂ ਵਾਪਸੀ ਕਰ ਲਈ ਹੈ।

ਆਮ ਆਦਮੀ ਪਾਰਟੀ ਦੇ ਪੰਜਾਬ ਸੰਕਟ ਦੇ ਮੱਦੇਨਜ਼ਰ ਇਕ ਉੱਚ ਪਧਰੀ ਪਾਰਟੀ ਮੀਟਿੰਗ ਅੱਜ ਦੇਰ ਰਾਤ ਤਕ ਦਿੱਲੀ ਵਿਖੇ ਜਾਰੀ ਰਹੀ। ਵਿਰੋਧੀ ਧਿਰ ਦੇ ਨੇਤਾ ਅਹੁਦੇ ਤੋਂ ਲਾਹੇ ਗਏ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਹਮਾਇਤੀ ਕਰੀਬ 7 ਵਿਧਾਇਕ ਇਕਜੁਟਤਾ ਬਰਕਰਾਰ ਹੋਣ ਦਾ ਪ੍ਰਭਾਵ ਕਾਇਮ ਰਖਦੇ ਹੋਏ ਦਿੱਲੀ ਜਾਣ ਤੋਂ ਪਹਿਲਾਂ ਅੰਬਾਲਾ ਵਿਖੇ ਬਕਾਇਦਾ ਇਕ ਕੋਰ ਮੀਟਿੰਗ 'ਚ ਰਣਨੀਤੀ ਵਿਚਾਰ ਤੇ ਫ਼ੈਸਲਾ ਕਰ ਹਾਈਕਮਾਨ ਵਲ ਰਵਾਨਾ ਹੋਏ।

ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਦੇ ਨਿਵਾਸ 'ਤੇ ਖਹਿਰਾ ਸਾਥੀ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਮਾਸਟਰ ਬਲਦੇਵ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਕੌਰ ਰੂਬੀ, ਜਗਦੇਵ ਸਿੰਘ ਜੱਗਾ  ਸਣੇ ਪੁੱਜੇ। ਖਹਿਰਾ ਦੇ ਹਮਾਇਤੀ ਮੰਨੇ ਜਾ ਰਹੇ ਜੈ ਕਿਸ਼ਨ ਰੋੜੀ ਤੋਂ ਇਲਾਵਾ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਪੱਤਰਕਾਰ ਜਰਨੈਲ ਸਿੰਘ ਪਹਿਲਾਂ ਹੀ ਉੱਥੇ ਮੌਜੂਦ ਸਨ।

ਅੰਦਰੂਨੀ ਸੂਤਰਾਂ ਕੋਲੋਂ ਮਿਲ ਰਹੀ ਜਾਣਕਾਰੀ ਮੁਤਾਬਕ ਪਾਰਟੀ ਦੇ ਉਥੇ ਪਹਿਲਾਂ ਤੋਂ ਕਰੀਬ ਚਾਰ ਵਿਧਾਇਕਾਂ ਨੇ ਸੁਖਪਾਲ ਖਹਿਰਾ ਨੂੰ ਬਤੌਰ ਨੇਤਾ ਵਿਰੋਧੀ ਧਿਰ ਅਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਚਨਚੇਤ ਲਾਂਭੇ ਕੀਤਾ ਗਿਆ ਹੋਣ ਮਗਰੋਂ ਬਣੇ ਹਾਲਾਤ ਸਾਂਭਣ ਦਾ ਹਾਈਕਮਾਨ ਨੂੰ ਤਰਲਾ ਕੀਤਾ ਸੀ।
ਇਸ ਤੋਂ ਪਹਿਲਾਂ ਖਹਿਰਾ ਵਲੋਂ ਅੱਠ ਵਿਧਾਇਕਾਂ ਸਣੇ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼ਕਤੀ ਪ੍ਰਦਰਸ਼ਨ ਕਰ ਕੇ ਹਾਈਕਮਾਨ ਉਤੇ ਫ਼ੈਸਲੇ ਨੂੰ ਮੁੜ ਵਿਚਾਰਨ ਲਈ ਮਜਬੂਰ ਕੀਤਾ ਗਿਆ ਹੋਣ ਦਾ ਵੀ ਸਿੱਟਾ ਇਸ ਹੰਗਾਮੀ ਬੈਠਕ ਨੂੰ ਮੰਨਿਆ ਜਾ ਰਿਹਾ ਹੈ।

ਉਧਰ ਦੂਜੇ ਪਾਸੇ ਅਮਰੀਕਾ, ਕੈਨੇਡਾ ਅਤੇ ਯੂਰਪ ਦੀ 'ਆਪ' ਲੀਡਰਸ਼ਿਪ ਨੇ ਖਹਿਰਾ ਦੇ ਹੱਕ 'ਚ ਪਾਰਟੀ ਅਤੇ ਪੰਜਾਬ ਦੇ 'ਆਪ' ਵਿਧਾਇਕਾਂ ਨੂੰ ਖੁੱਲ੍ਹਾ ਖ਼ਤ ਲਿਖਿਆ ਹੈ।