ਭਾਈ ਹਵਾਰਾ ਦੇ ਆਦੇਸ਼ਾਂ 'ਤੇ ਨਸ਼ਿਆਂ ਵਿਰੁਧ ਹੋਈ ਪਹਿਲੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਫੈਲੇ ਨਸ਼ਿਆਂ ਦੇ ਜਾਲ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਭਾਈ ਜਗਤਾਰ ਸਿੰਘ ਹਵਾਰਾ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰਵਾ ਦਿਤੀ ਹੈ ਜਿਸ ਦੀ ਪਹਿਲੀ ...

Bhai Hawara During Meeting

ਲੁਧਿਆਣਾ,  ਪੰਜਾਬ ਵਿਚ ਫੈਲੇ ਨਸ਼ਿਆਂ ਦੇ ਜਾਲ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਭਾਈ ਜਗਤਾਰ ਸਿੰਘ ਹਵਾਰਾ ਨੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰਵਾ ਦਿਤੀ ਹੈ ਜਿਸ ਦੀ ਪਹਿਲੀ ਮੀਟਿੰਗ ਲੁਧਿਆਣਾ ਜ਼ਿਲ੍ਹੇ ਦੇ ਜਮਾਲਪੁਰ ਵਿਖੇ ਹੋਈ। ਇਸ ਪਹਿਲੀ ਮੀਟਿੰਗ ਵਿਚ ਭਾਈ ਹਵਾਰਾ ਦੇ ਪੀ ਏ ਬਲਵੀਰ ਸਿੰਘ ਹਿਸਾਰ ਉਚੇਚੇ ਤੌਰ 'ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਪੰਜਾਬ ਭਰ ਤੋਂ ਪਹੁੰਚੀਆਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਨੇ ਵੀ ਇਸ ਵਿਚ ਹਿੱਸਾ ਲਿਆ ਅਤੇ ਭਾਈ ਹਵਾਰਾ ਵਲੋਂ ਪੰਜਾਬ 'ਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਆਪੋ ਅਪਣੇ ਵਿਚਾਰ ਦਿਤੇ। 

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਹਿਸਾਰ ਨੇ ਦਸਿਆ ਕਿ ਨਸ਼ਿਆਂ ਦੀ ਅਲਾਮਤ ਅੱਜ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਨਾਲ-ਨਾਲ ਪੰਜਾਬ ਨੂੰ ਵਿਸ਼ਵ ਪੱਧਰ 'ਤੇ ਬਦਨਾਮ ਵੀ ਕਰ ਰਹੀ ਹੈ। ਭਾਈ ਹਵਾਰਾ ਨੇ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਮੇਰੇ ਰਾਹੀਂ ਕੌਮ ਦੇ ਨਾਮ ਸੰਦੇਸ਼ ਭੇਜਿਆ ਹੈ ਕਿ ਪਹਿਲਾਂ ਜ਼ਿਲ੍ਹਾ ਪੱਧਰ 'ਤੇ 5/5 ਮੈਂਬਰੀ ਕਮੇਟੀਆਂ ਬਣਾਈਆਂ ਜਾਣ ਜੋ ਅੱਗੇ ਪਿੰਡ ਅਤੇ ਮੁਹੱਲੇ ਪੱਧਰ 'ਤੇ ਕਮੇਟੀਆਂ ਬਣਾ ਕੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ।

ਉਨ੍ਹਾਂ ਕਿਹਾ ਕਿ ਇਹ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਪਹਿਲੀ ਮੀਟਿੰਗ ਸੀ ਜਿਸ ਵਿਚ ਪੰਜਾਬ ਭਰ ਤੋਂ ਪਮੁੱਖ ਆਗੂ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਨੇ ਜਲਦ ਹੀ 5 ਮੈਂਬਰੀ ਕਮੇਟੀ ਦੇ ਅਹੁਦੇਦਾਰਾਂ ਦੀ ਸੂਚੀ ਦੇਣ ਦਾ ਭਰੋਸਾ ਦਿਤਾ ਹੈ। ਸ: ਹਿਸਾਰ ਨੇ ਕਿਹਾ ਕਿ ਭਾਈ ਦਿਆ ਸਿੰਘ ਬਾਬਾ ਬਕਾਲਾ ਸਾਹਿਬ ਵਾਲਿਆਂ ਵਲੋਂ ਅਗਲੀ ਮੀਟਿੰਗ ਦਾ ਆਯੋਜਨ ਬਿਆਸ ਵਿਖੇ ਕੀਤਾ ਗਿਆ ਹੈ ਜੋ 10 ਅਗੱਸਤ ਨੂੰ ਸਵੇਰੇ 10 ਵਜੇ ਹੋਵੇਗੀ ਜਿਸ ਵਿਚ ਲੁਧਿਆਣਾ ਜ਼ਿਲ੍ਹੇ ਸਮੇਤ ਹੋਰਨਾਂ ਜ਼ਿਲ੍ਹਿਆਂ ਦੀਆਂ ਕਮੇਟੀਆਂ ਐਲਾਨੀਆਂ ਜਾਣਗੀਆ।