ਪਾਬੰਦੀ-ਸ਼ੁਦਾ ਵਿਦੇਸ਼ੀ ਸਿੱਖਾਂ ਨੂੰ ਭਾਰਤ ਆਉਣ ਦੀ ਕੇਂਦਰ ਸਰਕਾਰ ਆਗਿਆ ਦੇਵੇ : ਜਥੇਦਾਰ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਤਾਬਦੀ ਮੌਕੇ ਬੰਦੀ ਸਿੰਘ ਰਿਹਾਅ ਕੀਤੇ ਜਾਣ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ (ਸੁਖਵਿਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਜ਼ੋਰ ਦਿਤਾ ਹੈ ਕਿ ਉਹ ਵਿਦੇਸ਼ੀ ਸਿੱਖਾਂ ਨੂੰ ਭਾਰਤ ਆਉਣ ਦੀ ਆਗਿਆ ਦੇਵੇ, ਜਿਨ੍ਹਾਂ ਦੀ ਆਮਦ 'ਤੇ ਪਾਬੰਦੀ ਲਾਈ ਹੈ। 'ਜਥੇਦਾਰ' ਮੁਤਾਬਕ ਵਿਦੇਸ਼ੀ ਸਿੱਖ ਵੀ ਅਪਣੀ ਧਰਤੀ ਨਾਲ ਜੁੜੇ ਹਨ ਜੋ ਸੱਚਖੰਡ ਹਰਿਮੰਦਰ ਸਾਹਿਬ ਤੇ ਸਮੂਹ ਤਖ਼ਤਾਂ ਦੇ ਦਰਸ਼ਨ ਦੀਦਾਰ ਕਰਨ ਲਈ ਬੜੀ ਵੱਡੀ ਤਾਂਘ ਰੱਖਦੇ ਹਨ।
ਇਹ ਪਾਬੰਦੀਸ਼ੁਦਾ ਸਿੱਖ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਨਹੀਂ ਆ ਸਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਸਿਆਸੀ ਕੈਦੀ ਰਿਹਾਅ ਕੀਤੇ ਸਨ, ਉਸੇ ਤਰ੍ਹਾਂ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਬੜੇ ਵੱਡੇ ਪੱਧਰ 'ਤੇ ਮਨਾਈ ਜਾ ਰਹੀ ਹੈ।
ਇਸ ਮਹਾਨ ਦਿਵਸ 'ਤੇ ਵੀ ਬੰਦੀ ਸਿੰਘ ਰਿਹਾਅ ਕੀਤੇ ਜਾਣ ਜੋ ਵੱਖ-ਵੱਖ ਅਦਾਲਤਾਂ ਵਿਚ ਸਜ਼ਾਵਾਂ ਭੁਗਤ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਲਾਂ ਵਿਚ ਬਜ਼ੁਰਗ ਹੋ ਗਏ ਬੰਦੀ ਸਿੰਘ ਸਾਰੇ ਹੀ ਰਿਹਾਅ ਕੀਤੇ ਜਾਣ। 'ਜਥੇਦਾਰ' ਨੇ ਇਹ ਵੀ ਕਿਹਾ ਕਿ ਬਾਬੇ ਨਾਨਕ ਦੇ ਜਨਮ ਦਿਵਸ 'ਤੇ ਸਾਰੇ ਬੰਦੀ ਸਿੰਘ ਰਿਹਾਅ ਨਹੀਂ ਸੀ ਕੀਤੇ ਗਏ।