ਡਾ. ਯੋਗ ਰਾਜ ਸ਼ਰਮਾ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਡਾ. ਯੋਗ ਰਾਜ ਸ਼ਰਮਾ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਨਿਯੁਕਤ

PSEB

ਐਸ.ਏ.ਐਸ. ਨਗਰ, 29 ਜੁਲਾਈ (ਸੁਖਦੀਪ ਸਿੰਘ ਸੋਈਂ) : ਪੰਜਾਬ ਸਰਕਾਰ ਨੇ ਡਾ. ਯੋਗ ਰਾਜ ਸ਼ਰਮਾ ਨੂੰ ਪੰਜਾਬ ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿਤਾ ਹੈ। ਡਾ. ਯੋਗਰਾਜ ਸ਼ਰਮਾਂ ਦੀ ਨਿਯੁਕਤੀ ਸਬੰਧੀ ਨੋਟੀਫ਼ੀਕੇਸ਼ਨ ਅੱਜ ਸ਼ਾਮ ਜਾਰੀ ਕੀਤਾ ਗਿਆ। ਪੰਜਾਬ ਸਰਕਾਰ ਦੇ ਇਕ ਬੁਲਾਰੇ ਅਨੁਸਾਰ ਇਹ ਨਿਯੁਕਤੀ 3 ਸਾਲ ਦੇ ਸਮੇਂ ਤਕ ਜਾਂ 66 ਸਾਲ ਦੀ ਉਮਰ ਤਕ (ਜੋ ਵੀ ਪਹਿਲਾਂ ਹੋਵੇਗੀ) ਹੋਵੇਗੀ।

ਉਨ੍ਹਾਂ ਦੀ ਨਿਯੁਕਤੀ ਦੀਆਂ ਸ਼ਰਤਾਂ ਬਾਅਦ ਵਿਚ ਤੈਅ ਕੀਤੀਆਂ ਜਾਣਗੀਆਂ। ਡਾ. ਯੋਗ ਰਾਮ ਸ਼ਰਮਾ ਪੰਜਾਬੀ ਭਾਸ਼ਾ ਦੇ ਉੱਘੇ ਵਿਦਵਾਨ ਹਨ। ਉਨ੍ਹਾਂ ਦੀਆਂ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਅਤੇ ਖੋਜ ਪੱਤਰ ਪ੍ਰਕਾਸ਼ਤ ਹੋਏ ਹਨ। ਭਾਈ ਵੀਰ ਸਿੰਘ ਅਤੇ ਰਵਿੰਦਰ ਰਵੀ ਬਾਰੇ ਉਨ੍ਹਾਂ ਦੇ ਕੰਮ ਦੀ ਵਿਸ਼ੇਸ਼ ਚਰਚਾ ਰਹੀ ਹੈ। ਉਨ੍ਹਾਂ ਨੇ ਡਰਾਮਾ, ਫਿਕਸ਼ਨ ਅਤੇ ਸਾਹਿਤ ਆਲੋਚਨਾ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਦਿਤਾ ਹੈ।

ਉਹ ਪੰਜਾਬੀ ਯੂਨੀਵਰਸਟੀ ਪਟਿਆਲ ਵਿਖੇ ਪੰਜਾਬੀ ਵਿਕਾਸ ਵਿਭਾਗ ਵਿਚ ਪ੍ਰੋਫ਼ੈਸਰ ਰਹੇ ਹਨ। ਉਨ੍ਹਾਂ ਨੇ ਡਾਕਟਰੇਟ ਡਿਗਰੀ ਹਾਸਲ ਕਰਨ ਤੋਂ ਇਲਾਵਾ ਐਮ.ਏ. (ਆਨਰਜ਼) ਪੰਜਾਬੀ, ਐਮ.ਏ. ਹਿੰਦ ਅਤੇ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਵੀ ਕੀਤੀ ਹੈ। ਉਨ੍ਹਾਂ ਦਾ ਸਿਖਿਆ ਅਤੇ ਖੋਜ ਦਾ 25 ਸਾਲ ਤੋਂ ਵੱਧ ਤਜਰਬਾ ਹੈ। ਉਨ੍ਹਾਂ ਨੇ ਅਨੇਕਾਂ ਪ੍ਰਾਜੈਕਟਾਂ 'ਤੇ ਵੀ ਕੰਮ ਕੀਤਾ। ਉਹ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸਾਬਕਾ ਸੈਨੇਟ ਮੈਂਬਰ ਵੀ ਰਹੇ ਹਨ।