ਪੰਜਾਬ ਅੰਦਰ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਕਵਾਇਦ ਸ਼ੁਰੂ, ਡਿਪਟੀ ਕਮਿਸ਼ਨਰਾਂ ਤੋਂ ਮੰਗੇ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਝਾਵਾਂ 'ਤੇ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ਅੰਤਮ ਫ਼ੈਸਲਾ

capt Amrinder Singh

ਚੰਡੀਗੜ੍ਹ : ਕੇਂਦਰ ਸਰਕਾਰ ਨੇ ਅਨਲੌਕ-3 'ਚ ਦਿੱਤੀਆਂ ਜਾਣ ਵਾਲੀਆਂ ਛੋਟਾਂ ਸਬੰਧੀ ਐਲਾਨ ਕਰ ਦਿਤਾ ਗਿਆ ਹੈ। ਇਸ ਤੋਂ ਬਾਅਦ ਹੁਣ ਸੂਬਾ ਸਰਕਾਰਾਂ ਨੇ ਸਥਿਤੀ ਦੇ ਹਿਸਾਬ ਨਾਲ ਛੋਟਾਂ ਦੇਣ ਦਾ ਫ਼ੈਸਲਾ ਲੈਣਾ ਹੈ। ਇਸੇ ਤਹਿਤ ਹੀ ਅੱਜ ਮੁੱਖ ਮੰਤਰੀ ਕੈਪਟਨ ਨੇ ਪੰਜਾਬ ਅੰਦਰ ਵੀ ਜਿੰਮ ਅਤੇ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਬਾਰੇ ਡਿਪਟੀ ਕਮਿਸ਼ਨਰਾਂ ਦੇ ਸੁਝਾਅ ਮੰਗ ਲਏ ਹਨ। ਛੋਟਾ ਸਬੰਧੀ ਅੰਤਿਮ ਫ਼ੈਸਲਾ ਇਨ੍ਹਾਂ ਸੁਝਾਆਂ ਦੇ ਅਧਾਰ 'ਤੇ ਹੀ ਲਏ ਜਾਣ ਦੇ ਅਸਾਰ ਹਨ। ਕਰੋਨਾ ਨਾਲ ਨਜਿੱਠਣ ਸਬੰਧੀ ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਇਕ ਸਮੀਖਿਆ ਮੀਟਿੰਗ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕੇਂਦਰ ਸਰਕਾਰ ਨੇ ਕੁਝ ਛੋਟਾਂ ਦਾ ਐਲਾਨ ਕੀਤਾ ਹੈ ਪਰ ਪੰਜਾਬ ਅੰਦਰ ਇਸ ਸਬੰਧੀ ਫ਼ੈਸਲਾ ਜ਼ਮੀਨੀ ਸਥਿਤੀ ਤੋਂ ਜਾਣੂੰ ਹੋਣ ਉਪਰੰਤ ਹੀ ਕੀਤਾ ਜਾਵੇਗਾ।

ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਸੁਝਾਅ ਅਤੇ ਵਿਚਾਰ ਮੁੱਖ ਸਕੱਤਰ ਵਿੰਨੀ ਮਹਾਜਨ ਤਕ ਪਹੁੰਚਾਉਣ ਲਈ ਕਿਹਾ ਹੈ, ਜਿਨ੍ਹਾਂ 'ਤੇ ਵਿਚਾਰ ਬਾਅਦ ਅੰਤਿਮ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਨੌਜਵਾਨਾਂ ਵਲੋਂ ਜਿੰਮ ਅਤੇ ਕੋਚਿੰਗ ਸੰਸਥਾਵਾਂ ਖੋਲ੍ਹਣ ਦੀ ਮੰਗ ਉਠਾਈ ਜਾ ਰਹੀ ਹੈ, ਪਰ ਵਧਦੇ ਕਰੋਨਾ ਮਾਮਲਿਆਂ ਦੇ ਮੱਦੇਨਜ਼ਰ ਇਸ ਸਬੰਧੀ ਅੰਤਿਮ ਫ਼ੈਸਲਾ ਪੂਰੀ ਸੋਚ ਵਿਚਾਰ ਅਤੇ ਮੌਕੇ ਦੇ ਹਾਲਾਤ ਮੁਤਾਬਕ ਹੀ ਲਿਆ ਜਾਵੇਗਾ।

ਕੁੱਝ ਦੁਕਾਨਦਾਰਾਂ ਵਲੋਂ ਕੋਵਿਡ ਪ੍ਰੋਟੋਕਾਲ ਦੀਆਂ ਹਦਾਇਤਾਂ ਨੂੰ ਅਣਗੌਲਿਆਂ ਕਰਨ ਦੀਆਂ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿਤੇ ਕਿ ਪਹਿਲੀ ਗ਼ਲਤੀ ਹੋਣ 'ਤੇ ਤਿੰਨ ਦਿਨ ਲਈ ਦੁਕਾਨਾਂ ਬੰਦ ਕੀਤੀਆਂ ਜਾਣ ਅਤੇ ਲਗਾਤਾਰ ਗ਼ਲਤੀ ਦੁਹਰਾਏ ਜਾਣ 'ਤੇ ਜ਼ਿਆਦਾ ਦਿਨ ਲਈ ਇਹ ਕਾਰਵਾਈ ਕੀਤੀ ਜਾਵੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਸਾਰੇ ਸੁਰੱਖਿਆ ਪ੍ਰੋਟੋਕਾਲ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ।

ਮੌਤ ਦਰ 'ਚ ਵਾਧੇ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਇਸ ਦਰ ਨੂੰ ਘਟਾਉਣ ਲਈ ਠੋਸ ਕਦਮ ਚੁੱਕਣ ਲਈ ਕਿਹਾ। ਪੰਜਾਬ ਵਿਚ ਹੁਣ ਤਕ ਕੋਰੋਨਾ ਕਾਰਨ 361 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਅਤੇ ਬੀਤੀ ਰਾਤ ਤੋਂ 25 ਮਰੀਜ਼ਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਤੱਥ ਸਵਿਕਾਰਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਜਲਦੀ ਸ਼ਨਾਖਤ ਹੀ ਇਕੋ-ਇਕ ਬਚਾਅ ਦਾ ਹੱਲ ਹੈ ਅਤੇ ਜਲਦੀ ਇਲਾਜ ਹੀ ਇਸ ਬਿਮਾਰੀ ਨੂੰ ਰੋਕਣ ਦਾ ਪ੍ਰਭਾਵਸ਼ਾਲੀ ਤਰੀਕਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਬਿਮਾਰੀ ਦੇ ਪਹਿਲੇ ਲੱਛਣ ਤੋਂ ਤੁਰੰਤ ਬਾਅਦ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਜਾਵੇ।

ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਕੰਮਾਂ ਬਦਲੇ ਡਿਪਟੀ ਕਮਿਸ਼ਨਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਕਾਫ਼ੀ ਬਿਹਤਰ ਹੈ ਪਰ ਇਸ ਦੇ ਨਾਲ ਹੀ ਕੇਸਾਂ ਦਾ ਵਧਣਾ ਡੂੰਘੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਧਦੇ ਕੇਸਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰਾਂ ਨੂੰ ਲੋਕਾਂ ਖਾਸ ਕਰਕੇ ਧਾਰਮਿਕ ਆਗੂਆਂ ਤੇ ਸਮਾਜਿਕ ਸੰਸਥਾਵਾਂ ਤੋਂ ਮੱਦਦ ਲੈਣ ਲਈ ਸਿਹਤ ਵਿਭਾਗ ਅਤੇ ਪੁਲਿਸ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਿਸ਼ਨ ਤਹਿਤ ਸਮਾਜ ਦੇ ਹਰ ਤਬਕੇ ਵਲੋਂ ਜ਼ਿੰਮੇਵਾਰੀ ਸਮਝਣ ਬਾਅਦ ਹੀ ਇਸ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।