ਪੰਜਾਬ ਖੇਡ ਯੂਨੀਵਰਸਟੀ ਨੇ ਦਾਖ਼ਲਿਆਂ ਲਈ ਅਰਜ਼ੀਆਂ ਮੰਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਟੀ, ਪਟਿਆਲਾ ਨੇ ਚਾਰ ਪੀ.ਜੀ. ਡਿਪਲੋਮਾ ਤੇ

Punjab Sports University invites applications for admissions

ਚੰਡੀਗੜ੍ਹ, 29 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਟੀ, ਪਟਿਆਲਾ ਨੇ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿਚ ਦਾਖ਼ਲਿਆਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐਸ. ਚੀਮਾ ਨੇ ਕਿਹਾ ਕਿ ਖੇਡ ਮੰਤਰੀ ਰਾਣਾ ਸੋਢੀ ਦੀਆਂ ਹਦਾਇਤਾਂ ਕਿ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਖੇਡਾਂ ਵੱਲ ਲਾਇਆ ਜਾਵੇ, ਉਤੇ ਚਲਦਿਆਂ ਅਕਾਦਮਿਕ ਸੈਸ਼ਨ 2020-21 ਲਈ ਚਾਰ ਪੀ.ਜੀ. ਡਿਪਲੋਮਾ ਤੇ ਮਾਸਟਰ ਡਿਗਰੀ ਕੋਰਸਾਂ ਵਿਚ ਦਾਖ਼ਲਿਆਂ ਲਈ ਰਜਿਸਟਰੇਸ਼ਨ ਸ਼ੁਰੂ ਕਰ ਦਿਤੀ ਗਈ ਹੈ।

ਉਨ੍ਹਾਂ ਕਿਹਾ ਕਿ ਪੀ.ਜੀ. ਡਿਪਲੋਮਾ ਇਨ ਯੋਗਾ, ਪੀ.ਜੀ. ਡਿਪਲੋਮਾ ਇਨ ਹੈਲਥ, ਫਿਟਨੈੱਸ ਤੇ ਵੈਲਨੈੱਸ, ਪੀ.ਜੀ. ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ ਅਤੇ ਐਮ.ਐਸਸੀ (ਯੋਗਾ) ਵਿਚ ਦਾਖ਼ਲੇ ਲਈ ਯੋਗਤਾ ਵਿਚ ਜਨਰਲ ਵਰਗ ਲਈ ਕਿਸੇ ਵੀ ਵਿਸ਼ੇ ਵਿਚ ਘੱਟੋ ਘੱਟ 50 ਫ਼ੀ ਸਦੀ ਨੰਬਰਾਂ ਨਾਲ ਗਰੈਜੂਏਸ਼ਨ ਅਤੇ ਐਸ.ਸੀ./ ਐਸ.ਟੀ./ਓ.ਬੀ.ਸੀ. ਲਈ ਗਰੈਜੂਏਸ਼ਨ ਵਿੱਚ 45 ਫ਼ੀ ਸਦੀ ਨੰਬਰ ਲਾਜ਼ਮੀ ਹਨ। ਜਿਨ੍ਹਾਂ ਉਮੀਦਵਾਰਾਂ ਨੇ ਕੌਮਾਂਤਰੀ/ਕੌਮੀ ਪੱਧਰ ਦੇ ਮੁਕਾਬਲਿਆਂ ਵਿਚ ਭਾਗ ਲਿਆ, ਉਹ ਵੀ ਦਾਖ਼ਲਿਆਂ ਲਈ ਯੋਗ ਹੋਣਗੇ।

ਵਾਈਸ ਚਾਂਸਲਰ ਨੇ ਦਸਿਆ ਕਿ ਉਨ੍ਹਾਂ ਇੱਛੁਕ ਉਮੀਦਵਾਰ ਨੂੰ ਪਹਿਲ ਮਿਲੇਗੀ, ਜਿਨ੍ਹਾਂ ਬੀ.ਪੀ.ਈ.ਐੱਡ, ਬੀ.ਪੀ.ਈ.ਐਸ., ਬੀ.ਐਸਸੀ (ਸਪੋਰਟਸ ਸਾਇੰਸ/ਸਪੋਰਟਸ ਨਿਊਟਰੀਸ਼ਨ ਅਤੇ ਖੇਡਾਂ ਨਾਲ ਸਬੰਧਤ ਹੋਰ ਕੋਰਸ) ਵਿਚ 4/2 ਸਾਲਾ ਡਿਗਰੀ ਕੀਤੀ ਹੋਵੇ। ਇਸ ਤੋਂ ਇਲਾਵਾ ਉਹ ਉਮੀਦਵਾਰ ਵੀ ਬਿਨੈ ਕਰ ਸਕਦੇ ਹਨ, ਜਿਨ੍ਹਾਂ ਕੌਮਾਂਤਰੀ/ਕੌਮੀ/ਸੂਬਾ/ਯੂਨੀਵਰਸਟੀ/ਕਾਲਜ ਪੱਧਰ ਉਤੇ ਕਿਸੇ ਖੇਡ ਮੁਕਾਬਲੇ ਵਿਚ ਭਾਗ ਲਿਆ ਹੋਵੇ। ਦਾਖ਼ਲੇ ਲਈ ਪੁਜੀਸ਼ਨ ਹਾਸਲ ਉਮੀਦਵਾਰਾਂ ਨੂੰ ਪਹਿਲ ਦਿਤੀ ਜਾਵੇਗੀ। ਇਛੁਕ ਉਮੀਦਵਾਰ ਯੂਨੀਵਰਸਟੀ ਦੀ ਵੈੱਬਸਾਈਟ mbspsu.pgsgcpe.com ਉਤੇ 21 ਅਗੱਸਤ 2020 ਤਕ ਆਨਲਾਈਨ ਵੀ ਬਿਨੈ ਕਰ ਸਕਦੇ ਹਨ। ਦਾਖ਼ਲਿਆਂ ਲਈ ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 94657-80091 ਅਤੇ 88375-74060 ਉਤੇ ਸੰਪਰਕ ਕੀਤਾ ਜਾ ਸਕਦਾ ਹੈ।