ਬਠਿੰਡਾ ਥਰਮਲ ਪਲਾਂਟ ਮਾਮਲਾ : ਵਿਤ ਮੰਤਰੀ ਵਲੋਂ ਥਰਮਲ ਦੀ ਥਾਂ ਵੱਡਾ ਕਾਰਖ਼ਾਨਾ ਲਿਆਉਣ ਦਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਵਲੋਂ ਹਾਲੇ ਤਕ ਪੰਜਾਬ ਨੂੰ ਥਰਮਲ ਚਲਾਉਣ ਲਈ ਕੋਈ ਪੱਤਰ ਨਾ ਮਿਲਣ ਦਾ ਦਾਅਵਾ

Manpreet Badal

ਬਠਿੰਡਾ : ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਪਰਾਲੀ ਨਾਲ ਮੁੜ ਧੂੰਆਂ ਨਿਕਲਣ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰਦਿਆਂ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਇੱਥੇ ਪਰਾਲੀ ਦੇ ਯੂਨਿਟ ਨਾਲੋਂ ਵੀ ਵੱਡਾ ਉਦਯੋਗ ਲਿਆਂਦਾ ਜਾਵੇਗਾ।

ਸੀਨੀਅਰ ਆਗੂ ਮੋਹਨ ਲਾਲ ਝੂੰਬਾ ਦੀ ਬਤੌਰ ਮਾਰਕੀਟ ਕਮੇਟੀ ਚੇਅਰਮੈਨ ਤਾਜ਼ਪੋਸ਼ੀ ਕਰਵਾਉਣ ਪੁੱਜੇ ਸ. ਬਾਦਲ ਨੇ ਕਿਹਾ ਕਿ ਹੁਣ ਫ਼ੀਟਰ ਦੇ ਇੰਜ਼ਨ ਨਾਲ ਜੀਪ ਨਹੀਂ ਚਲਾਈ ਜਾਵੇਗੀ, ਬਲਕਿ ਨਵੀਂ ਗੱਡੀ ਲਿਆਂਦੀ ਜਾਵੇਗੀ। ਉਨ੍ਹਾਂ ਦਾ ਸਿੱਧਾ ਇਸ਼ਾਰਾ ਬੰਦ ਕੀਤੇ ਬਠਿੰਡਾ ਥਰਮਲ ਪਲਾਂਟ ਦੇ ਇਕ ਜਾਂ ਦੋ ਯੂਨਿਟਾਂ ਨੂੰ ਪਰਾਲੀ ਨਾਲ ਚਲਾਉਣ ਦੀ ਬਜਾਏ ਇਥੇ ਫ਼ਾਰਮਾਸੁਟੀਕਲ ਪਾਰਕ ਬਣਾਉਣ ਜਾਂ ਇੰਡੀਸਟਰੀਅਲ ਅਸਟੇਟ ਲਿਆਉਣ ਸਬੰਧੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੇ ਸੁਪਨੇ ਬਠਿੰਡਾ ਥਰਮਲ ਨੂੰ ਪਰਾਲੀ ਨਾਲ ਚਲਾਉਣ ਨਾਲੋਂ ਵੀ ਵੱਡੇ ਹਨ।

ਵਿਤ ਮੰਤਰੀ ਨੇ ਕਿਹਾ ਕਿ ਥਰਮਲ ਦੀ ਜਗ੍ਹਾਂ 'ਚ ਇੰਡਸਟਰੀਅਲ ਅਸਟੇਟ ਆਉਣ ਨਾਲ ਬਠਿੰਡਾ ਦਾ ਵਿਕਾਸ ਹੋਵੇਗਾ ਤੇ ਲੋਕਾਂ ਨੂੰ ਵੱਡਾ ਲਾਭ ਪੁੱਜੇਗਾ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਹਾਲੇ ਤਕ ਕੇਂਦਰ ਦੀ ਤਰਫ਼ੋਂ ਇਸ ਥਰਮਲ ਨੂੰ ਮੁੜ ਪਰਾਲੀ ਨਾਲ ਚਲਾਉਣ ਲਈ ਸਹਾਇਤਾ ਬਾਬਤ ਕੋਈ ਪੱਤਰ ਨਹੀਂ ਮਿਲਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਨੌਜਵਾਨਾਂ ਨੂੰ ਮੋਬਾਈਲ ਫ਼ੋਨ ਦੇਣ ਦੇ ਵਾਅਦੇ ਨੂੰ ਆਉਣ ਵਾਲੇ ਦੋ-ਤਿੰਨ ਮਹੀਨਿਆਂ ਵਿਚ ਪੂਰਾ ਕਰਨ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪਹਿਲਾਂ ਚੀਨ ਦੀ ਕੰਪਨੀ ਨਾਲ ਇਸ ਸਬੰਧੀ ਤਾਲਮੇਲ ਹੋਇਆ ਸੀ ਪ੍ਰੰਤੂ ਹੁਣ ਪੈਦਾ ਹੋਏ ਤਨਾਅ ਕਾਰਨ ਮੇਡ ਇੰਨ ਇੰਡੀਆ ਵਾਲੇ ਫ਼ੋਨ ਸਰਕਾਰ ਕੋਲ ਪੁੱਜ ਗਏ ਹਨ ਤੇ ਜਲਦੀ ਹੀ ਇੰਨ੍ਹਾਂ ਨੂੰ ਵੰਡਿਆ ਜਾਵੇਗਾ।

ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਸ: ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਤਿਆਰ ਕਰ ਲਈਆਂ ਹਨ ਪ੍ਰੰਤੂ ਪੰਜਾਬ ਵਜ਼ਾਰਤ ਨੇ ਅਕਤੂਬਰ ਦੇ ਪਹਿਲੇ ਹਫ਼ਤੇ ਚੋਣਾਂ ਕਰਵਾਉਣ ਦਾ ਫ਼ੈਸਲਾ ਲੈ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਲਾਡੀ, ਜੈਜੀਤ ਸਿੰਘ ਜੌਹਲ, ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਹਨ ਲਾਲ ਝੂੰਬਾ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।