ਵੀਰਪਾਲ ਦੇ ਬੋਲਾਂ ਨੇ ਕਈ ਆਗੂਆਂ ਦੇ ਚਿਹਰਿਆਂ ਦੀ ਰੰਗਤ ਫਿੱਕੀ ਪਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਰਸਾ ਡੇਰਾ ਪ੍ਰੇਮੀ ਵੀਰਪਾਲ ਕੌਰ ਬਰਗਾੜੀ ਦੇ ਡੇਰੇ ਸਬੰਧੀ ਦੋਸ਼ਾਂ ਨੂੰ ਸਹੀ ਮੰਨੀਏ ਤਾਂ ਸਿਰਸਾ ਡੇਰੇ ਅੰਦਰਲੀ

Veerpal

ਸਿਰਸਾ, 29 ਜੁਲਾਈ (ਸੁਰਿੰਦਰ ਪਾਲ ਸਿੰਘ) : ਸਿਰਸਾ ਡੇਰਾ ਪ੍ਰੇਮੀ ਵੀਰਪਾਲ ਕੌਰ ਬਰਗਾੜੀ ਦੇ ਡੇਰੇ ਸਬੰਧੀ ਦੋਸ਼ਾਂ ਨੂੰ ਸਹੀ ਮੰਨੀਏ ਤਾਂ ਸਿਰਸਾ ਡੇਰੇ ਅੰਦਰਲੀ ਗੁੱਟਬਾਜ਼ੀ ਵਿਚ ਹੋਰ ਵੀ ਡੂੰਘੇ ਰਾਜ਼ ਛੁਪੇ ਹੋਏ ਹਨ। ਰਹਿੰਦੀ ਕਸਰ ਵੀਰਪਾਲ ਨੇ ਮੀਡੀਆ ਅੱਗੇ ਸੱਚੇ-ਸੁੱਚੇ ਬਿਆਨ ਦਾਗ ਕੇ ਕੱਢ ਦਿਤੀ ਹੈ। ਇਹੀ ਨਹੀਂ ਵੀਰਪਾਲ ਨੇ ਮੀਡੀਆ ਅੱਗੇ ਡੇਰੇ ਦੀ ਗੁਟਬਾਜ਼ੀ ਅਤੇ ਡੇਰੇ ਦੇ ਰਾਜਨੀਤਕ ਸਬੰਧਾਂ ਦਾ ਭਾਂਡਾ ਚੌਰਾਹੇ ਵਿਚ ਭੰਨ ਦਿਤਾ ਹੈ ਜਿਸ ਕਾਰਨ ਪੰਜਾਬ ਦੇ ਵੱਡੇ ਰਾਜਨੀਤਕ ਆਗੂ ਹੁਣ ਅਪਣੀਆਂ ਕਾਨੂੰਨੀ ਫ਼ੌਜਾਂ ਲੈ ਕੇ ਵੀਰਪਾਲ ਵਿਰੁਧ ਮੈਦਾਨ ਵਿਚ ਉਤਰ ਆਏ ਹਨ। 

ਦੂਜੇ ਪਾਸੇ ਸਾਧਵੀ ਯੋਨ ਸ਼ੋਸ਼ਣ ਅਤੇ ਸਿਰਸਾ ਦੇ ਸਤਿਕਾਰਤ ਪੱਤਰਕਾਰ ਰਾਮ ਚੰਦਰ ਛਤਰਪਤੀ ਹਤਿਆਕਾਂਡ ਵਿਚ ਸੁਨਾਰੀਆ ਜੇਲ ਵਿਚ 20 ਸਾਲ ਦੀ ਦੂਹਰੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੇ ਪਹਿਲੀ ਵਾਰ ਅਪਣੀ ਹਮਰਾਜ਼ ਹਨੀਪ੍ਰੀਤ ਸਬੰਧੀ ਪੱਤਰ ਲਿਖ ਕੇ ਅਪਣੀ ਚੁੱਪੀ ਤੋੜੀ ਹੈ। ਸੁਨਾਰੀਆ ਜੇਲ ਵਿਚ ਡੇਰਾ ਪ੍ਰਬੰਧਕਾਂ ਦੇ ਨਾਮ ਲਿਖੇ ਪੱਤਰ ਵਿਚ ਰਾਮ ਰਹੀਮ ਨੇ ਅਪਣੇ ਪਰਵਾਰਕ ਮੈਬਰਾਂ ਅਤੇ ਹਨੀਪ੍ਰੀਤ ਵਿਚ ਚੱਲ ਰਹੇ ਵਿਵਾਦ ਦੀ ਚਰਚਾ ਉਤੇ ਵਿਰਾਮ ਲਾਉਣ ਦਾ ਯਤਨ ਕੀਤਾ ਹੈ। ਡੇਰਾ ਮੁਖੀ ਨੇ ਪੱਤਰ ਵਿਚ ਸਪੱਸ਼ਟ ਕੀਤਾ ਹੈ ਕਿ ਡੇਰੇ ਦੇ ਪ੍ਰਬੰਧਕਾਂ ਅਤੇ ਪਰਵਾਰਕ ਮੈਬਰਾਂ ਅਤੇ ਹਨੀਪ੍ਰੀਤ ਵਿਚ ਕੋਈ ਵਿਵਾਦ ਨਹੀਂ ਹੈ। 

ਧਿਆਨ ਯੋਗ ਹੈ ਕਿ ਜੇਲ ਮੈਨੁਅਲ ਅਨੁਸਾਰ ਸਜ਼ਾ ਕੱਟ ਰਹੇ ਕੈਦੀ ਨੂੰ ਹਰ ਮਹੀਨੇ ਦੋ ਪੱਤਰ ਲਿਖਣ ਦਾ ਅਧਿਕਾਰ ਹੁੰਦਾ ਹੈ। ਡੇਰਾ ਮੁਖੀ ਨੇ ਕਰੀਬ 80 ਦਿਨਾਂ ਬਾਅਦ ਇਹ ਦੂਜਾ ਪੱਤਰ ਲਿਖਿਆ ਹੈ। ਰਾਮ ਰਹੀਮ ਨੇ ਅਪਣੀ ਮਾਂ ਸਮੇਤ ਡੇਰੇ ਦੇ ਹੋਰ ਸੇਵਾਦਾਰਾਂ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਪਰਵਾਰ ਸਮੇਤ ਡੇਰੇ ਵਿਚ ਰਹਿਣ ਵਾਲੇ ਸੇਵਾਦਾਰ, ਐਡਮ ਬਲਾਕ ਦੇ ਸੇਵਾਦਾਰਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਗੁਟਬਾਜ਼ੀ ਨਹੀਂ ਅਤੇ ਆਸ਼ਰਮ ਵਿਚ ਰਹਿਣ ਵਾਲੇ ਸਾਰੇ ਸੇਵਾਦਾਰ ਇਹ ਖਿਆਲ ਰੱਖਣ ਕਿ ਸਾਧ ਸੰਗਤ ਵਿਚ ਕੋਈ ਗੁਟਬਾਜ਼ੀ ਨਾ ਹੋਵੇ ਅਤੇ ਏਕਤਾ ਬਣੀ ਰਹੇ। 

ਡੇਰਾ ਪ੍ਰੇਮੀ ਵੀਰਪਾਲ ਕੌਰ ਬਰਗਾੜੀ ਦੇ ਦੋਸ਼ਾਂ ਦੇ ਚਲਦੇ ਡੇਰਾ ਪ੍ਰਬੰਧਕ ਕਮੇਟੀ ਦੇ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਰਾਜਨੀਤਕ ਦਲ ਡੇਰੇ ਪ੍ਰਤੀ ਹੋਛੀ ਸਿਆਸਤ ਕਰ ਰਹੇ ਹਨ। ਧਿਆਨ ਰਹੇ ਕਿ ਪੰਜਾਬ ਵਿਚ ਕਰੀਬ 4 ਸਾਲ ਪਹਿਲਾਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਾਂਡ ਵਿੱਚ ਡੇਰਾ ਪ੍ਰਮੁੱਖ ਨੂੰ ਨਾਮਜ਼ਦ ਕੀਤੇ ਜਾਣ ਤੇ ਪੰਜਾਬ ਹਰਿਆਣਾ ਦੀ ਸਿਆਸਤ ਵਿਚ ਭੂਚਾਲ ਆਇਆ ਹੋਇਆ ਹੈ। ਜਿਸ ਕਾਰਨ ਦੋਸ਼ ਪ੍ਰਤੀ ਦੋਸ਼ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ।