29ਵੇਂ ਦਿਨ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ

ਏਜੰਸੀ

ਖ਼ਬਰਾਂ, ਪੰਜਾਬ

29ਵੇਂ ਦਿਨ ਬੀਬੀਆਂ ਨੇ ਦਿਤੀ ਗ੍ਰਿਫ਼ਤਾਰੀ

image

ਬੀਬੀਆਂ ਦੇ ਜਥੇ ’ਚ 8 ਸਾਲ ਦੀ ਬੱਚੀ ਤੇ 14 ਸਾਲ ਦਾ ਲੜਕਾ ਵੀ ਸ਼ਾਮਲ
 

ਕੋਟਕਪੂਰਾ, 29 ਜੁਲਾਈ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਬਹਿਬਲ ਕਲਾਂ ਤੇ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਵਾਪਰੇ ਘਟਨਾਕ੍ਰਮਾ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਅੰਮ੍ਰਿਤਸਰ ਵਲੋਂ ਸ਼ੁਰੂ ਕੀਤਾ ਇਨਸਾਫ਼ ਮੋਰਚਾ ਅੱਜ 29ਵੇਂ ਦਿਨ ਵੀ ਜਾਰੀ ਰਿਹਾ। 
ਅੱਜ 25ਵੇਂ ਜਥੇ ਵਿਚ ਵੀ ਬੀਬੀਆਂ ਨੇ ਹੀ ਗਿ੍ਰਫ਼ਤਾਰੀ ਦਿਤੀ ਪਰ ਗਿ੍ਰਫ਼ਤਾਰੀ ਦੇਣ ਵਾਲਿਆਂ ਵਿਚ ਸੁਖਰਾਜ ਸਿੰਘ 14 ਅਤੇ ਅਰਸ਼ਜੋਤ ਕੌਰ 8 ਸਾਲ ਵੀ ਸ਼ਾਮਲ ਸਨ। ਗੁਰਦਵਾਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਪਣੇ ਸੰਬੋਧਨ ਦੌਰਾਨ ਜਸਕਰਨ ਸਿੰਘ ਕਾਹਨ ਵਾਲਾ, ਗੁਰਦੀਪ ਸਿੰਘ ਢੁੱਡੀ, ਕੁਲਦੀਪ ਸਿੰਘ ਭਾਗੋਵਾਲ, ਗੁਰਸੇਵਕ ਸਿੰਘ ਜਵਾਹਰਕੇ ਆਦਿ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਥ ਨਾਲ ਹੁੰਦੀਆਂ ਵਧੀਕੀਆਂ ਅਤੇ ਸਿੱਖਾਂ ਨਾਲ ਹੁੰਦੀ ਵਿਤਕਰੇਬਾਜ਼ੀ ਦਾ ਜ਼ਿਕਰ ਕਰਦਿਆਂ ਦਸਿਆ ਕਿ ਸਾਡੀਆਂ ਸਿਰਮੌਰ ਸਿੱਖ ਸੰਸਥਾਵਾਂ ਵੀ ਰਾਜਨੀਤਕ ਆਗੂਆਂ ਦੇ ਗਲਬੇ ਹੇਠ ਆ ਕੇ ਅਪਣਾ ਮਿਸ਼ਨ ਤਿਆਗ ਚੁੱਕੀਆਂ ਹਨ। ਉਨ੍ਹਾਂ ਬਰਗਾੜੀ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੇ ਮਾਮਲਿਆਂ ਦੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਤਕ ਮੋਰਚਾ ਲਗਾਤਾਰ ਜਾਰੀ ਰੱਖਣ ਦੀ ਗੱਲ ਵੀ ਦੁਹਰਾਈ। ਉਨ੍ਹਾਂ 8 ਸਾਲਾ ਬੱਚੀ ਅਰਸ਼ਜੋਤ ਕੌਰ ਬਾਰੇ ਦਸਿਆ ਕਿ ਉਹ ਕਿਸਾਨ ਅੰਦੋਲਨ ਵਿਚ ਦਿੱਲੀ ਦੇ ਬਾਰਡਰਾਂ ’ਤੇ ਵੀ ਹਾਜ਼ਰੀ ਲਵਾ ਕੇ ਆਈ ਹੈ। 
25ਵੇਂ ਜਥੇ ਨੂੰ ਗਿ੍ਰਫ਼ਤਾਰੀ ਲਈ ਰਵਾਨਾ ਕਰਨ ਤੋਂ ਪਹਿਲਾਂ ਅਰਦਾਸ-ਬੇਨਤੀ ਹੋਈ, ਦੋ ਨਾਬਾਲਗ਼ ਬੱਚਿਆਂ ਸਮੇਤ ਸਾਰੀਆਂ ਬੀਬੀਆਂ ਨੂੰ ਸਿਰੋਪਾਉ ਪਾ ਕੇ ਸਨਮਾਨਤ ਕੀਤਾ ਗਿਆ, ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਾ ਜਥਾ ਮੋਰਚੇ ਵਾਲੇ ਸਥਾਨ ਦੇ ਨੇੜੇ ਪੁੱਜਾ ਤੇ ਗਿ੍ਰਫ਼ਤਾਰੀ ਦੇਣ ਤੋਂ ਪਹਿਲਾਂ ਬੀਬੀ ਸੁਖਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਬਲਜੀਤ ਕੌਰ, ਬੀਬੀ ਬਲਵਿੰਦਰ ਕੌਰ ਸਮੇਤ 8 ਸਾਲਾ ਬੱਚੀ ਅਰਸ਼ਜੋਤ ਕੌਰ ਤੇ 14 ਸਾਲਾ ਲੜਕੇ ਸੁਖਰਾਜ ਸਿੰਘ ਦੀ ਅਗਵਾਈ ਵਿਚ ਸਮੁੱਚੇ ਜਥੇ ਨੇ ਬੇਅਦਬੀ ਕਾਂਡ ਦੇ ‘ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰੋ’ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਵੀ ਲਾਏ।