ਪ੍ਰੋਡਕਸ਼ਨ ਵਾਰੰਟ ਵਿਰੁਧ ਭੰਗੂ ਦੀ ਪਟੀਸ਼ਨ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੋਡਕਸ਼ਨ ਵਾਰੰਟ ਵਿਰੁਧ ਭੰਗੂ ਦੀ ਪਟੀਸ਼ਨ ਰੱਦ

image

ਚੰਡੀਗੜ੍ਹ, 29 ਜੁਲਾਈ (ਸੁਰਜੀਤ ਸਿੰਘ ਸੱਤੀ) : ਹਜ਼ਾਰਾਂ ਕਰੋੜ ਰੁਪਏ ਦੇ ਚਿਟ ਫ਼ੰਡ ਘਪਲੇ ਦੇ ਮੁਲਜ਼ਮ ਨਿਰਮਲ ਸਿੰਘ ਭੰਗੂ ਵਲੋਂ ਛੱਤੀਸਗੜ ਦੀ ਵਿਸ਼ੇਸ਼ ਅਦਾਲਤ ਦੁਆਰਾ ਜਾਰੀ ਪ੍ਰੋਡਕਸ਼ਨ ਵਾਰੰਟ ਵਿਰੁਧ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾਰ ਨੂੰ ਖਾਰਜ ਕਰ ਦਿਤੀ ਹੈ। ਨਾਲ ਹੀ ਬੈਂਚ ਨੇ ਜੇਲ ਅਥਾਰਟੀ ਅਤੇ ਹਸਪਤਾਲ ਉਤੇ ਸਖ਼ਤ ਟਿਪਣੀਆਂ ਕੀਤੀਆਂ ਹਨ। 
ਨਿਰਮਲ ਸਿੰਘ  ਭੰਗੂ ਨੇ ਅਪਣੀ ਖ਼ਰਾਬ ਸਿਹਤ ਦਾ ਹਵਾਲਾ  ਦੇ ਕੇ ਪ੍ਰੋਡਕਸ਼ਨ ਵਾਰੰਟ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਨੇ ਭੰਗੂ ਦੀ ਇਸ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਸ ਸਮੁੱਚੇ ਮਾਮਲੇ ਵਿਚ ਇਹੋ ਪ੍ਰਤੀਤ ਹੋ ਰਿਹਾ ਹੈ ਕਿ ਜੇਲ ਅਥਾਰਟੀ ਅਤੇ ਹਸਪਤਾਲ ਦੋਵੇਂ ਇਸ ਤਰ੍ਹਾਂ ਨਾਲ ਕੰਮ ਕਰ ਰਹੇ ਸਨ ਕਿ ਭੰਗੂ ਕਿਸੇ ਤਰ੍ਹਾਂ ਨਾਲ ਇਸ ਪ੍ਰੋਡਕਸ਼ਨ ਵਾਰੰਟ ਤੋਂ ਬਚ ਜਾਵੇ। ਬੈਂਚ ਨੇ ਕਿਹਾ ਕਿ ਇਹ ਬੇਹੱਦ ਹੀ ਬਦਕਿਸਮਤੀ ਭਰਿਆ ਹੈ ਕਿ ਅਜਿਹਾ ਕਰ ਕੇ ਮੁਲਜ਼ਮ ਨੇ ਕਾਨੂੰਨੀ ਪ੍ਰਕਿਰਿਆ ਦੀ ਦੁਰ ਵਰਤੋਂ ਕੀਤੀ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਇਸ ਵਿਚ ਜੇਲ ਅਥਾਰਟੀ ਅਤੇ ਸਿਵਲ ਹਸਪਤਾਲ ਵੀ ਇਸ ਪ੍ਰਕਿਰਿਆ ਵਿਚ ਸ਼ਾਮਲ ਰਿਹਾ ਹੈ। ਇਨ੍ਹਾਂ ਤਲਖ ਟਿਪਣੀਆਂ ਦੇ ਨਾਲ ਹੀ ਹਾਈ ਕੋਰਟ ਨੇ ਭੰਗੂ ਦੀ ਇਸ ਮੰਗ ਨੂੰ ਸਿਰੇ ਤੋਂ ਖ਼ਾਰਜ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਭੰਗੂ ਵਿਰੁਧ ਛੱਤੀਸਗੜ ਵਿਚ ਵੀ ਇਕ ਮਾਮਲਾ ਦਰਜ ਹੈ, ਜਿਸ ਲਈ ਛੱਤੀਸਗੜ ਦੀ ਇਕ ਵਿਸ਼ੇਸ਼ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਕੇ 13 ਜੁਲਾਈ ਨੂੰ ਪੇਸ਼ ਕਰਨ ਦਾ ਹੁਕਮ ਦਿਤਾ ਸੀ।  
ਭੰਗੂ ਵਿਰੁਧ ਪਹਿਲਾਂ ਹੀ ਬਠਿੰਡਾ ਵਿਚ 1 ਜੂਨ 2016 ਵਿਚ ਧੋਖਾਧੜੀ  ਦੇ ਮਾਮਲੇ ਨੂੰ ਲੈ ਕੇ ਐਫਆਈਆਰ ਦਰਜ ਹੈ ਅਤੇ ਉਹ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ ਵਿਚ ਬੰਦ ਹੈ। ਜਦੋਂ ਜੇਲ ਵਿਚ ਉਸ ਦੇ ਪ੍ਰੋਡਕਸ਼ਨ ਵਾਰੰਟ ਪੁੱਜੇ ਤਾਂ ਕਹਿ ਦਿਤਾ ਗਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਸ੍ਰੀ ਮੁਕਤਸਰ ਸਾਹਿਬ  ਦੇ ਸਿਵਲ ਹਸਪਤਾਲ ਵਿਚ ਜਾਂਚ ਕੀਤੀ ਗਈ ਤਾਂ ਹਸਪਤਾਲ ਨੇ ਵੀ ਉਸ ਨੂੰ ਸਫ਼ਰ ਕਰਨ ਲਈ ਅਨਫਿੱਟ ਐਲਾਨ ਦਿਤਾ। 
ਪ੍ਰੋਡਕਸ਼ਨ ਵਾਰੰਟ ਲਿਆਉਣ ਵਾਲੇ ਅਧਿਕਾਰੀ ਨੇ ਇਸ ਵਿਰੁਧ ਡਿਊਟੀ ਮਜਿਸਟਰੇਟ ਦੇ ਸਾਹਮਣੇ ਅਰਜ਼ੀ ਲਗਾਈ ਤਾਂ ਭੰਗੂ ਦੇ ਸਿਹਤ ਦੀ ਜਾਂਚ ਪਟਿਆਲਾ ਦੇ ਰਾਜਿੰਦਰ ਹਸਪਤਾਲ ਤੋਂ ਕਰਵਾਈ ਗਈ ਜਿਥੇ ਜਾਂਚ ਤੋਂ ਬਾਅਦ ਉਸ ਨੂੰ ਬਿਲਕੁਲ ਸਿਹਤਮੰਦ ਦੱਸ ਦਿਤਾ ਗਿਆ।  ਬਾਅਦ ਵਿਚ ਹਾਈ ਕੋਰਟ ਦੇ ਆਦੇਸ਼ਾਂ ਉਤੇ ਪੀਜੀਆਈ ਵਿਚ ਹੋਈ ਜਾਂਚ ਵਿਚ ਉਹ ਫਿਟ ਪਾਇਆ ਗਿਆ। ਹਾਈ ਕੋਰਟ ਨੇ ਸਾਰੇ ਤਥਾਂ ਅਤੇ ਦਲੀਲਾਂ ਨੂੰ ਸੁਣਨ ਉਪਰੰਤ ਭੰਗੂ ਦੀ ਇਸ ਮੰਗ ਨੂੰ ਖ਼ਾਰਜ ਕਰ ਦਿਤਾ ਹੈ।