ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗਾ : ਨਵਜੋਤ ਸਿੰਘ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗਾ : ਨਵਜੋਤ ਸਿੰਘ ਸਿੱਧੂ

image

ਜਲੰਧਰ ਪੁੱਜੇ ਸਿੱਧੂ ਨੇ 18 ਸੂਤਰੀ ਫ਼ਾਰਮੂਲਾ ਲਾਗੂ ਕਰਵਾਉਣ 'ਤੇ ਦਿਤਾ ਜ਼ੋਰ

ਜਲੰਧਰ, 29 ਜੁਲਾਈ (ਅਜੀਤ ਸਿੰਘ ਬੁਲੰਦ): ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਮਗਰੋਂ ਅੱਜ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਜਲੰਧਰ ਪੁੱਜੇ ਅਤੇ ਜਲੰਧਰ ਦੇ ਸਾਰੇ ਵਿਧਾਇਕਾਂ ਅਤੇ ਵਰਕਰਾਂ ਨੂੰ  ਮਿਲਣ ਲਈ ਕਾਂਗਰਸ ਭਵਨ ਪੁੱਜੇ | ਇਸ ਮੌਕੇ ਉਨ੍ਹਾਂ ਗੱਲਾਂ ਦੇ ਖ਼ੂਬ ਛੱਕੇ-ਚੌਕੇ ਛੱਡੇ ਅਤੇ ਪਾਰਟੀ ਵਰਕਰਾਂ ਦਾ ਖ਼ੂਬ ਮਨੋਂਰੰਜਨ ਕੀਤਾ |
ਉਨ੍ਹਾਂ ਗੱਲਾਂ ਗੱਲਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵੀ ਸਾਧਿਆ | ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਵਲੋਂ ਜੋ 18 ਸੂਤਰੀ ਫ਼ਾਰਮੂਲਾ ਜਾਰੀ ਕੀਤਾ ਗਿਆ ਹੈ ਉਸ ਨੂੰ  ਹਰ ਹਾਲ ਵਿਚ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਦੇ ਰਾਹ ਵਿਚ ਕਿਸੇ ਨੂੰ  ਰੋੜਾ ਨਹੀਂ ਬਣਨ ਦਿਤਾ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਕਿਸਾਨ ਜੋ ਕਈ ਮਹੀਨਿਆੰ ਤੋਂ ਦਿੱਲੀ ਬਾਰਡਰਾਂ 'ਤੇ ਬੈਠੇ ਹਨ, ਉਨ੍ਹਾਂ ਨੂੰ  ਨਿਆਂ ਮਿਲੇਗਾ ਅਤੇ ਕੇਂਦਰ ਸਰਕਾਰ ਨੂੰ  ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ | 
ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ ਸਰਕਾਰ ਸਿਰਫ਼ 1700 ਕਰੋੜ ਦੀ ਸਬਸਿਡੀ ਲੋਕਾਂ ਨੂੰ  ਬਿਜਲੀ 'ਤੇ ਦੇ ਰਹੀ ਹੈ ਜਦਕਿ ਪੰਜਾਬ ਸਰਕਾਰ ਹਰ ਸਾਲ 10 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ  ਸਜ਼ਾ ਮਿਲੇ ਜਿਸ ਲਈ ਉਹ ਕੋਸ਼ਿਸ਼ਾਂ ਜਾਰੀ ਰੱਖਣਗੇ | 
ਇਸ ਮੌਕੇ ਮਾੜੇ ਪ੍ਰਬੰਧਾਂ ਦੀ ਭੇਂਟ ਪੱਤਰਕਾਰ ਵੀ ਚੜੇ੍ਹ ਕਿਉਂਕਿ ਕਾਂਗਰਸੀ ਆਗੂਆਂ ਨੇ ਸਿੱਧੂ ਦੇ ਪ੍ਰੋਗਰਾਮ ਲਈ ਨਾ ਤਾਂ ਕੋਈ ਪੱਤਰਕਾਰਾਂ ਲਈ ਅੱਲਗ ਬੈਠਣ ਦੀ ਥਾਂ ਰੱਖੀ ਅਤੇ ਨਾ ਹੀ ਸਿੱਧੀ ਪ੍ਰੈਸ ਕਾਨਫ਼ਰੰਸ ਲਈ ਹੀ ਸਹੀ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਤਣਾਅ ਦੀ ਹਾਲਤ ਵੀ ਪੈਦਾ ਹੋਈ | 

ਫੋਟੋ- 29ਬੁਲੰਦ101
ਕੈਪੱਸ਼ਨ- ਸੰਬੋਧਨ ਕਰਦੇ ਨਵਜੋਤ ਸਿੰਘ ਸਿੱਧੂ ਅਤੇ ਪ੍ਰੋਗਰਾਮ ਵਿਚ ਭਾਰੀ ਭੀੜ ਕੋਰੋਨਾ ਦੀਆਂ ਧੱਜੀਆਂ ਉਡਾਉਂਦੀ ਹੋਈ (ਬੁਲੰਦ)