ਜੇ ਮੋਦੀ ਸਰਕਾਰ ਜ਼ਿੱਦ 'ਤੇ ਅੜੀ ਹੈ ਤਾਂ 'ਆਪ' ਵੀ ਕਿਸਾਨਾਂ ਨਾਲ ਡਟਕੇ ਖੜੀ ਹੈ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪ੍ਰਧਾਨ ਮੰਤਰੀ ਦੀ ਜ਼ਿੱਦੀ ਨੀਤੀ 'ਅੰਨਦਾਤਾ ਅਤੇ ਦੇਸ਼' ਲਈ ਨੁਕਸਾਨਦਾਇਕ'

Bhagwant Mann and pm modi

ਚੰਡੀਗੜ੍ਹ: ਕਾਲੇ ਤਿੰਨ ਖੇਤੀ ਕਾਨੂੰਨਾਂ 'ਤੇ ਸੰਸਦ ਵਿੱਚ ਚਰਚਾ ਨਾ ਕਰਾਉਣ ਵਾਲੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ, 'ਜੇ ਮੋਦੀ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਹੈ ਤਾਂ 'ਆਪ' ਕਿਸਾਨਾਂ ਸੰਗ ਮਜ਼ਬੂਤੀ ਨਾਲ ਖੜੀ ਹੈ।'

ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਉਹ ਦੋ ਹਫ਼ਤਿਆਂ ਤੋਂ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਲਗਾਤਾਰ 'ਕੰਮ ਰੋਕੂ ਮਤਾ' ਪੇਸ਼ ਕਰ ਰਹੇ ਹਨ, ਜਿਸ ਵਿੱਚ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਸਦ ਵਿੱਚ ਚਰਚਾ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਜ਼ਿੱਦੀ ਨੀਤੀ 'ਅੰਨਦਾਤਾ ਅਤੇ ਦੇਸ਼' ਲਈ ਨੁਕਸਾਨਦਾਇਕ ਹੈ, ਜਿਸ ਨੂੰ ਛੱਡਿਆ ਜਾਣਾ ਚਾਹੀਦਾ ਹੈ। 'ਆਪ' ਸੰਸਦ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਹਿੱਤ ਵਿੱਚ 'ਨਵਾਂ ਬਿਜਲੀ ਸੋਧ ਬਿੱਲ' ਸੰਸਦ ਵਿੱਚ ਪੇਸ਼ ਕਰਨ ਤੋਂ ਬਚਣਾ ਚਾਹੀਦਾ ਹੈ।

ਮਾਨ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੇ ਕਿਸਾਨ ਜ਼ਮੀਨ ਅਤੇ ਹੌਂਦ ਦੀ ਰੱਖਿਆ ਲਈ ਸੰਘਰਸ਼ ਕਰ ਰਹੇ ਹਨ, ਦੂਜੇ ਪਾਸੇ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਦੀ ਜ਼ਮੀਨ ਤੇ ਜਮੀਰ ਨੂੰ ਚੰਦ ਕਾਰਪੋਰੇਟਰਾਂ ਦੇ ਹਵਾਲੇ ਕਰਨ ਦੀ ਜ਼ਿੱਦ ਕਰ ਰਹੀ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਉਨਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਦੀ ਥਾਂ ਹਰੇਕ ਦੇਸ਼ ਵਾਸੀ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕਰਨਾ ਚਾਹੀਦਾ ਹੈ।