ਮੋਗਾ ਪੁਲਿਸ ਨੇ ਇਕ ਸਾਲ ਵਿਚ 50 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਪੁਲਿਸ ਨੇ ਇਕ ਸਾਲ ਵਿਚ 50 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ

image

ਮੋਗਾ, 29 ਜੁਲਾਈ (ਹਰਬੰਸ ਢਿੱਲੋਂ/ਹਰਜਿੰਦਰ ਮੌਰੀਆ) : ਗੈਂਗਸਟਰ ਸਭਿਆਚਾਰ ਅਤੇ ਡਰੱਗ ਮਾਫ਼ੀਆ ਵਿਰੁਧ ਜ਼ੀਰੋ ਟੌਲਰੈਂਸ ਨੀਤੀ ਅਪਣਾਉਂਦਿਆਂ, ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਾਲੀ ਮੋਗਾ ਪੁਲਿਸ ਨੇ ਪਿਛਲੇ ਸਾਲ ਦੌਰਾਨ ਕਈ ਗਿਰੋਹਾਂ ਦਾ ਪਰਦਾਫ਼ਾਸ਼ ਕੀਤਾ ਹੈ ਅਤੇ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਗਿੱਲ ਨੇ ਦਸਿਆ ਕਿ ਮੋਗਾ ਪੁਲਿਸ ਨੇ 50 ਤੋਂ ਵੱਧ ਬਦਨਾਮ ਗੈਂਗਸਟਰਾਂ, ਉਨ੍ਹਾਂ ਦੇ ਸਾਥੀ ਅਤੇ ਕੱਟੜ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰ ਕੇ 14 ਗੈਂਗਾਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਦਸਿਆ ਕਿ ਪੁਲਿਸ ਨੇ ਲਗਭਗ 16 ਵਾਹਨਾਂ ਸਮੇਤ 40 ਤੋਂ ਵੱਧ ਹਥਿਆਰ ਕਾਬੂ ਕੀਤੇ ਹਨ ਅਤੇ ਉਨ੍ਹਾਂ ਦੋਸ਼ੀਆਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। 
ਵੱਡੀਆਂ ਸਫ਼ਲ ਕਾਰਵਾਈਆਂ ਨੂੰ ਯਾਦ ਕਰਦਿਆਂ ਐਸ.ਐਸ.ਪੀ ਨੇ ਕਿਹਾ ਕਿ ਮੋਗਾ ਪੁਲਿਸ ਨੇ ਹਾਲ ਹੀ ਵਿਚ ਸੁੱਖਾ ਲੰਮੇ ਗਰੋਹ ਦੁਆਰਾ ਚਲਾਏ ਜਾ ਰਹੇ ਇਕ ਵੱਡੇ ਟਾਰਗੇਟ ਕਿਲਿੰਗ ਅਤੇ ਫਿਰੌਤੀ ਦੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਹੈ, ਇਸ ਦੇ ਅੱਠ ਮੈਂਬਰਾਂ ਦੀ ਗ੍ਰਿਫਤਾਰੀ ਹੋਈ ਹੈ, ਜੋ ਕਿ ਖਾਲਿਸਤਾਨ ਟਾਈਗਰ ਫ਼ੋਰਸ (ਕੇ.ਟੀ.ਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਇਸ਼ਾਰੇ ’ਤੇ ਕਾਰਵਾਈ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਗਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਨੇ ਉਸ ਸਮੂਹ ਦੀ ਰੀੜ੍ਹ ਦੀ ਹੱਡੀ ਤੋੜ ਦਿਤੀ ਜਿਸ ਵਲੋਂ ਪੰਜਾਬ ਦੇ ਮਾਲਵਾ ਖੇਤਰ ਵਿਚ ਅਮੀਰ ਕਾਰੋਬਾਰੀਆਂ ਨੂੰ ਫਿਰੌਤੀ ਦੇ ਪੈਸੇ ਲਈ ਨਿਸ਼ਾਨਾ ਬਣਾ ਕੇ ਧਮਕੀ ਦਿਤੀ ਜਾਂਦੀ ਸੀ ਕਿ ਜੇ ਉਹ ਅਦਾਇਗੀ ਵਿਚ ਅਸਫ਼ਲ ਰਹੇ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਵੱਲੋਂ ਇਸ ਵੇਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਇਸ ਗਿਰੋਹ ਦੇ ਵੇਰਵਿਆਂ ਨੂੰ ਹੋਰ ਖੋਲ੍ਹਣ ਅਤੇ ਪੈਦਾ ਹੋਏ ਕਿਸੇ ਵੀ ਲੀਡ ਦੀ ਜਾਂਚ ਕਰਨ ਦੇ ਸਾਰੇ ਯਤਨ ਜਾਰੀ ਹਨ। 
ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਅਪ੍ਰੈਲ 2021 ਵਿਚ ਬੰਬੀਹਾ ਗੈਂਗ ਦੇ ਸਾਥੀ ਚਮਕੌਰ ਸਿੰਘ ਉਰਫ ਬੇਅੰਤ (ਤਿੰਨ ਸ਼ਾਰਪ ਸ਼ੂਟਰ ਨਿਸ਼ਾਨੇਬਾਜ਼ਾਂ ਵਿਚੋਂ ਇਕ, ਜਿਸ ਨੇ ਸਾਲ 2020 ਵਿਚ ਚੰਡੀਗੜ੍ਹ ਵਿਚ ਸੋਪੂ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਅਤੇ ਸੁਨੀਲ ਕੁਮਾਰ ਉਰਫ ਬਾਬਾ ਨੂੰ ਮਾਰਿਆ ਸੀ) ਨੂੰ ਗ੍ਰਿਫਤਾਰ ਕੀਤਾ ਸੀ। 
ਅਕਤੂਬਰ 2020 ਵਿਚ, ਮੋਗਾ ਪੁਲਿਸ ਨੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਜਿਸ ਵਿਚ ਤਿੰਨ ਬਹੁਤ ਹੀ ਬਦਨਾਮ ਗੈਂਗਸਟਰ ਹਰਮਨ ਭਾਊ, ਅਜੈ ਕੁਮਾਰ ਉਰਫ ਮਨੀ ਅਤੇ ਅਮ੍ਰਿਤਪਾਲ ਸਿੰਘ ਭਿੰਡਰ ਸਨ, ਜੋ ਹਾਈਵੇ ਚੋਰੀ, ਫਿਰੌਤੀ ਲਈ ਕਤਲ ਦੀ ਕੋਸਿਸ਼, ਗੈਂਗ ਦੀਆਂ ਲੜਾਈਆਂ ਅਤੇ ਖੋਹ ਆਦਿ ਦਾ ਕੰਮ ਕਰਦੇ ਸਨ। ਸਤੰਬਰ 2020 ਵਿਚ, ਪੁਲਿਸ ਨੇ ਜ਼ਿਲ੍ਹਾ ਮੋਗਾ ਵਿਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਜ਼ਿਲ੍ਹਾ ਮੋਗਾ ਵਿਚ ਫਾਇਰਿੰਗ, ਡਕੈਤੀ ਅਤੇ ਡਕੈਤੀਆਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਸਨ। 
ਐਸ.ਐਸ.ਪੀ ਗਿੱਲ ਨੇ ਕਿਹਾ ਕਿ ਗੈਂਗਸਟਰਾਂ ਵਿਰੁਧ ਕਾਰਵਾਈ ਕਰਦਿਆਂ ਮੋਗਾ ਪੁਲਿਸ ਨਿਰਦੋਸ਼ ਨਾਗਰਿਕਾਂ ਦੀ ਜਾਨ ਅਤੇ ਮਾਲ ਦੀ ਬਚਤ ਅਤੇ ਕਾਰੋਬਾਰੀਆਂ ਲਈ ਵਪਾਰਕ ਮਾਹੌਲ ਸਿਰਜਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਨਿਯਮਿਤ ਤੌਰ ’ਤੇ ਇਨ੍ਹਾਂ ਗਰੋਹਾਂ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ।  ਉਨ੍ਹਾਂ ਕਿਹਾ, ‘‘ਮੋਗਾ ਪੁਲਿਸ ਨੇ ਸਮਾਜ ਦੇ ਸਮਾਜਕ ਤਾਣੇ-ਬਾਣੇ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕੀਤੀ ਹੈ, ਜਿਸ ਨੂੰ ਹਰ ਹੀਲੇ ਬਰਕਰਾਰ ਰਖਿਆ ਜਾਵੇਗਾ।
ਫੋਟੋ ਨੰਬਰ 29 ਮੋਗਾ 31 ਪੀ