ਨਵ-ਵਿਆਹੁਤਾ ਦੀ ਭੇਦਭਰੇ ਹਾਲਾਤਾਂ 'ਚ ਹੋਈ ਮੌਤ, ਪਰਿਵਾਰ ਨੇ ਨਰਸ 'ਤੇ ਗਲਤ ਦਵਾਈ ਦੇਣ ਦੇ ਲਾਏ ਇਲਜ਼ਾਮ
ਪਰਿਵਾਰ ਨੇ ਨਰਸ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
ਗੁਰਦਾਰਪੁਰ ( ਨਿਤਿਨ ਲੂਥਰਾ) ਭਾਵੇਂ ਕਿ ਅੱਜ ਸਿਹਤ ਵਿਭਾਗ ਲੋਕਾਂ ਨੂੰ ਸਮੇਂ ਸਿਰ ਵੱਖ ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ ਪਰ ਬਟਾਲਾ 'ਚ ਦੇਰ ਰਾਤ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਬਟਾਲਾ ਦੀ ਰਹਿਣ ਵਾਲੀ ਇਕ ਵਿਆਹੀ ਔਰਤ ਦੀ ਮੌਤ ਹੋ ਗਈ। ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਵਲੋਂ ਇਕ ਘਰ 'ਚ ਦਵਾਈ ਦੇਣ ਵਾਲੀ ਨਰਸ ਕੋਲੋਂ ਕਰਵਾਏ ਇਲਾਜ ਦਾ ਸ਼ਿਕਾਰ ਉਹਨਾਂ ਦੀ ਬੇਟੀ ਹੋ ਗਈ।
ਉਧਰ ਸਿਵਲ ਹਸਪਤਾਲ 'ਚ ਡਿਊਟੀ ਤੇ ਤੈਨਾਤ ਡਾਕਟਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ | ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾ ਹੋਇਆ ਸੀ ਅਤੇ ਅੱਜ ਗੰਭੀਰ ਹਾਲਤ ਦੇ ਚਲਦੇ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਥੇ ਹੀ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇਕ ਨਿੱਜੀ ਘਰ 'ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਇਲਾਜ ਕਰਵਾ ਰਹੀ ਸੀ ਅਤੇ ਉਸਦੇ ਨਾਲ ਹੀ ਉਸ ਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਅੱਜ ਅਖੀਰ ਉਸ ਦੀ ਉਸੇ ਕਾਰਨ ਮੌਤ ਹੋ ਗਈ। ਜਿਥੇ ਪਰਿਵਾਰ ਵਲੋਂ ਉਸ ਨਰਸ ਤੇ ਆਰੋਪ ਲਗਾਇਆ ਜਾ ਰਿਹਾ ਹੈ ਉਥੇ ਹੀ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |
ਉਧਰ ਇਸ ਮਾਮਲੇ 'ਚ ਜਿਥੇ ਉਕਤ ਨਰਸ ਹਰਭਜਨ ਕੌਰ ਨੇ ਖੁਦ ਤੇ ਲੱਗ ਰਹੇ ਆਰੋਪਾਂ ਨੂੰ ਗ਼ਲਤ ਦੱਸਿਆ ਅਤੇ ਉਹਨਾਂ ਕਿਹਾ ਕਿ ਮਨਦੀਪ ਉਸ ਕੋਲੋਂ ਇਲਾਜ ਲਈ ਆਈ ਸੀ ਪਰ ਉਸ ਵੱਲੋਂ ਕੋਈ ਅਜਿਹੀ ਦਵਾਈ ਨਹੀਂ ਦਿੱਤੀ ਗਈ ਜਿਸ ਨਾਲ ਉਸਦੀ ਸਿਹਤ ਵਿਗੜੇ।
ਉਥੇ ਹੀ ਸਿਵਲ ਹਸਪਤਾਲ ਬਟਾਲਾ 'ਚ ਡਿਊਟੀ ਕਰ ਰਹੇ ਡਾ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਨੂੰ ਗੰਭੀਰ ਹਾਲਤ 'ਚ ਉਸ ਦਾ ਪੇਕਾ ਅਤੇ ਸਹੁਰਾ ਪਰਿਵਾਰ ਹਸਪਤਾਲ 'ਚ ਲੈਕੇ ਆਏ ਅਤੇ ਉਹਨਾਂ ਵਲੋਂ ਇਲਾਜ ਕੀਤਾ ਜਾ ਰਿਹਾ ਸੀ ਕਿ ਅਚਾਨਕ ਉਕਤ ਪੀੜਤਾ ਨੇ ਦਮ ਤੋੜ ਦਿੱਤਾ ਅਤੇ ਹੁਣ ਉਹਨਾਂ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦਾ ਕਾਰਨ ਦਾ ਖੁਲਾਸਾ ਹੋਵੇਗਾ |