ਨਿਹੰਗ ਸਿੰਘਾਂ ਦੇ ਖ਼ਾਲਸਾਈ ਗੱੜਗੱਜ ਬੋਲਿਆਂ ਦਾ ਵਿਸ਼ੇਸ਼ ਕੋਸ਼ ਹੋਵੇਗਾ ਜਾਰੀ : ਬਾਬਾ ਬਲਬੀਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਨਿਹੰਗ ਸਿੰਘਾਂ ਦੇ ਖ਼ਾਲਸਾਈ ਗੱੜਗੱਜ ਬੋਲਿਆਂ ਦਾ ਵਿਸ਼ੇਸ਼ ਕੋਸ਼ ਹੋਵੇਗਾ ਜਾਰੀ : ਬਾਬਾ ਬਲਬੀਰ ਸਿੰਘ

image

ਬਾਬਾ ਸਾਹਿਬ ਸਿੰਘ ਕਲਾਧਾਰੀ ਦੀ ਬਰਸੀ ਦੇ ਗੁਰਮਤਿ ਸਮਾਗਮ ਅੱਜ
 

ਤਲਵੰਡੀ ਸਾਬੋ, 29 ਜੁਲਾਈ (ਪ.ਪ): ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ 11ਵੇਂ  ਜਥੇਦਾਰ ਮਹਾਨ ਤਪੱਸਵੀ, ਬ੍ਰਹਮਗਿਆਨੀ, ਹਰਗੁਣ ਪ੍ਰਬੀਨ, ਗੁਰਬਾਣੀ ਦੇ ਗਿਆਤਾ, ਅਕਾਲ ਪੁਰਖ ਦੇ ਰੰਗਾਂ ਵਿਚ ਅਭੇਦ ਬਾਬਾ ਸਾਹਿਬ ਸਿੰਘ ਕਲਾਧਾਰੀ  ਦੀ 79ਵੀਂ ਸਾਲਾਨਾ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ, ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਹਿੰਦੁਸਤਾਨ (ਵਿਸ਼ਵ) ਦੀ ਅਗਵਾਈ ਹੇਠ ਤਲਵੰਡੀ ਸਾਬੋ ਵਿਖੇ ਚਲ ਰਹੇ ਹਨ। ਉਨ੍ਹਾਂ ਦਸਿਆ 28 ਜੁਲਾਈ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਹੋਏ ਅਖੰਡ ਪਾਠ ਸਾਹਿਬ ਦੇ ਭੋਗ 30 ਜੁਲਾਈ ਨੂੰ ਪਾਏ ਜਾਣਗੇ।
ਭੋਗ ਉਪਰੰਤ ਸਜੇ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਪੰਥ ਪ੍ਰਸਿੱਧ ਸ਼੍ਰੋਮਣੀ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮੱਘਰ ਸਿੰਘ ਹੈੱਡ ਗ੍ਰੰਥੀ ਬੁੱਢਾ ਦਲ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਇੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਸੰਗਤਾਂ ਨੂੰ ਗੁਰਬਾਣੀ ਗੁਰ-ਇਤਿਹਾਸ ਨਾਲ ਜੋੜਨਗੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੀ ਜੀਵਨ ਜਾਂਚ ਨਾਲ ਪੁਰਾਤਨ ਸਮੇਂ ਤੋਂ ਜੁੜੇ ਬੋਲਿਆਂ ਦੀ ਵਿਸ਼ੇਸ਼ ਕਿਤਾਬ ਜੋ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵਲੋਂ ਤਿਆਰ ਕੀਤੀ ਗਈ ਹੈ ਵੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਬੁੱਢਾ ਦਲ ਦੀਆਂ ਸਮੂਹ ਛਾਉਣੀਆਂ ਦੇ ਸੇਵਾਦਾਰ ਉਚੇਚੇ ਤੌਰ ’ਤੇ ਸ਼ਮੂਲੀਅਤ ਕਰਨਗੇ। 
ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਸਾਹਿਬ ਤੋਂ ਇਲਾਵਾ ਪੰਥਕ ਧਾਰਮਕ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ। ਇਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਹੋਵੇਗਾ ਤੇ ਨਿਹੰਗ ਸਿੰਘਾਂ ਦੇ ਲਾਇਸੰਸ ਰੀਨਿਊ ਕੀਤੇ ਜਾਣਗੇ। ਸਮਾਗਮ ਦੀ ਸਮਾਪਤੀ ਸਮੇਂ ਬੁੱਢਾ ਦਲ ਦੇ ਨਿਹੰਗ ਸਿੰਘ ਵਿਸ਼ੇਸ਼ ਤੌਰ ’ਤੇ ਗਤਕਾ ਅਖਾੜਾ ਲਾਉਣਗੇ।