ਜ਼ੋਰਦਾਰ ਮੀਂਹ 'ਚ ਧਰਨੇ ਉਤੇ ਬੈਠੇ ਕਿਸਾਨਾਂ ਪ੍ਰਤੀ ਸਰਕਾਰ ਹੋ ਗਈ ਹੈ ਕਠੋਰ : ਸ਼ੈਲਜਾ

ਏਜੰਸੀ

ਖ਼ਬਰਾਂ, ਪੰਜਾਬ

ਜ਼ੋਰਦਾਰ ਮੀਂਹ 'ਚ ਧਰਨੇ ਉਤੇ ਬੈਠੇ ਕਿਸਾਨਾਂ ਪ੍ਰਤੀ ਸਰਕਾਰ ਹੋ ਗਈ ਹੈ ਕਠੋਰ : ਸ਼ੈਲਜਾ

image

ਜ਼ਿੱਦ ਛੱਡ ਕੇ ਤਿੰਨੇ ਕਾਲੇ ਕਨੂੰਨ ਰੱਦ ਕਰੇ ਸਰਕਾਰ

ਚੰਡੀਗੜ੍ਹ ,  29 ਜੁਲਾਈ  (ਸੁਰਜੀਤ ਸਿੰਘ ਸੱਤੀ) : ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੱਠ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹਨ | ਇਸ ਦੌਰਾਨ ਕਿਸਾਨ ਹੱਡ ਚੀਰਵੀਂ ਠੰਡ, ਤਪਦੀ ਗਰਮੀ ਸੜਕ ਉਤੇ ਬੈਠੇ-ਬੈਠੇ ਵੇਖ ਚੁੱਕੇ ਹਨ |  ਹੁਣ ਕਿਸਾਨ ਲਗਾਤਾਰ ਤੇਜ ਮੀਂਹ ਵਿਚ ਡਟੇ ਹੋਏ ਹਨ |  500 ਤੋਂ ਜ਼ਿਆਦਾ ਕਿਸਾਨ ਅਪਣੀ ਜਾਨ ਗੁਆ ਚੁੱਕੇ ਹਨ, ਲੇਕਿਨ ਸਰਕਾਰ ਨੂੰ  ਉਨ੍ਹਾਂ ਦਾ ਕੋਈ ਵੀ ਦਰਦ ਨਜ਼ਰ  ਨਹੀਂ ਆ ਰਿਹਾ ਤੇ ਸੰਵੇਦਨਾਵਾਂ ਖੋ ਚੁੱਕੀ ਸਰਕਾਰ ਕਠੋਰ ਹੋ ਕੇ ਅਪਣੀ ਜ਼ਿੱਦ 'ਤੇ ਅੜੀ ਹੈ | 
ਇਥੇ ਜਾਰੀ ਬਿਆਨ ਵਿਚ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਜਦੋਂ ਕਿਸਾਨ ਤਿੰਨਾਂ ਕਾਨੂੰਨਾਂ ਨੂੰ  ਕਾਲੇ ਕਾਨੂੰਨ ਦਸਦੇ ਹੋਏ ਇਨ੍ਹਾਂ ਤੋਂ ਉਨ੍ਹਾਂ ਨੂੰ  ਨੁਕਸਾਨ ਦੀ ਗੱਲ ਕਹਿ ਰਹੇ ਹਨ ਤਾਂ ਫੇਰ ਕੇਂਦਰ ਸਰਕਾਰ ਕਿਉਂ ਜ਼ਬਰਦਸਤੀ ਉਨ੍ਹਾਂ ਨੂੰ  ਇਨ੍ਹਾਂ ਦੇ ਫ਼ਾਇਦੇ ਗਿਣਵਾ ਰਹੀ ਹੈ? ਇਹ ਸਰਕਾਰ ਦੀ ਜ਼ਿੱਦ ਹੀ ਹੈ ਕਿ ਕਿਸਾਨਾਂ ਦੀ ਬਰਬਾਦੀ ਦਾ ਰਾਹ ਇਸ ਕਾਨੂੰਨਾਂ ਦੇ ਜ਼ਰੀਏ ਤੈਅ ਕਰ ਦਿਤਾ ਗਿਆ ਹੈ | ਕੇਂਦਰ ਸਰਕਾਰ ਦੇ ਵੱਡੇ ਅਹੁਦੇਦਾਰ ਸਿਰਫ਼ ਅਪਣੇ ਪੂੰਜੀਪਤੀ ਦੋਸਤਾਂ ਨੂੰ  ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ | ਮੰਡੀਆਂ ਨੂੰ  ਖ਼ਤਮ ਕਰ ਕੇ ਸਿਰਫ਼ ਅਪਣੇ ਪੂੰਜੀਪਤੀ ਦੋਸਤਾਂ ਦੇ ਹੱਥਾਂ ਦੀ ਕਠਪੁਤਲੀ ਕਿਸਾਨਾਂ ਨੂੰ  ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਹੈ | 
ਕੁਮਾਰੀ ਸ਼ੈਲਜਾ ਨੇ ਕਿਹਾ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ  ਪਿਛਲੇ ਸਾਲ ਪਾਸ ਕੀਤਾ ਸੀ | ਇਨ੍ਹਾਂ ਨੂੰ  ਪਾਸ ਕਰਨ ਤੋਂ ਪਹਿਲਾਂ ਨਾਂ ਹੀ ਕਿਸਾਨ ਯੂਨੀਅਨਾਂ ਨਾਲ ਸਰਕਾਰ ਨੇ ਚਰਚਾ ਕੀਤੀ ਅਤੇ ਨਾ ਹੀ ਇਸ ਕਾਨੂੰਨਾਂ ਨੂੰ  ਲੈ ਕੇ ਕੋਈ ਖੁਲ੍ਹੀ ਚਰਚਾ ਖੇਤੀਬਾੜੀ ਮਾਹਰਾਂ ਨਾਲ ਕੀਤੀ | ਜਿਸ ਤਰੀਕੇ ਨਾਲ ਇਹ ਕਾਨੂੰਨ ਚੱੁਪ ਚਪੀਤੇ ਪਾਸ ਕੀਤੇ ਗਏ, ਉਸ ਤੋਂ ਕਿਸਾਨਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਵਿਚ ਰੋਸ ਹੈ |