ਜਲੰਧਰ 'ਚ ਦਰਦਨਾਕ ਹਾਦਸਾ: ਦੋ ਮੋਟਰਸਾਈਕਲਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਦੋ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਰਾਇਡਰ ਨਾਲ ਟਕਰਾਉਣ ਕਾਰਨ ਹੋਈ ਦੋਵਾਂ ਨੌਜਵਾਨਾਂ ਦੀ ਮੌਤ

Tragic accident in Jalandhar

ਜਲੰਧਰ( ਸੁਸ਼ੀਲ ਹੰਸ) ਨਕੋਦਰ-ਮਲਸੀਆਂ ਹਾਈਵੇ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋਵੇਂ ਦੋਸਤ ਮੋਟਰ ਸਾਈਕਲ ’ਤੇ ਨਕੋਦਰ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਜਾ ਰਹੇ ਸਨ। ਜਦੋਂ ਇਹ ਪਿੰਡ ਕਾਂਗਣਾ ਮੋੜ ਨਜ਼ਦੀਕ ਪਹੁੰਚੇ ਤਾਂ ਤੇਜ਼ ਰਫਤਾਰ ਹੋਣ ਕਾਰਨ ਇਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਅੱਗੇ ਜਾ ਰਹੇ ਇਕ ਮੋਟਰਸਾਈਕਲ ਨਾਲ ਵੱਜਣ  ਤੋਂ ਬਾਅਦ ਡਿਵਾਈਡਰ ਨਾਲ ਟਕਰਾ ਗਿਆ।

ਇਸ ਤੋਂ ਬਾਅਦ ਡਿਵਾਈਡਰ ਵਿਚਾਲੇ ਲੱਗੇ ਬੋਰਡ ਵਿਚ ਵੱਜਣ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਦੀਪ ਸਿੰਘ ਉਰਫ਼ ਸੋਨੂੰ ਪੁੱਤਰ ਚਰਨ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਜਸਵਿੰਦਰ ਸਿੰਘ ਉਰਫ਼ ਬੱਬਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਵਜੋਂ ਹੋਈ ਹੈ।  

ਹਾਦਸੇ ਦੇ ਸ਼ਿਕਾਰ ਹੋਏ ਦੂਜੇ ਮੋਟਰਸਾਈਕਲ ’ਤੇ ਸਵਾਰ ਦਲਬੀਰ ਸਿੰਘ ਵਾਸੀ ਪਿੰਡ ਸਰਾਏ ਖਾਸ ਤੇ ਉਸਦੀ ਪਤਨੀ ਬਲਦੀਸ਼ ਕੌਰ, ਚਾਰ ਸਾਲ ਦਾ ਬੱਚਾ ਪ੍ਰਿਤਪਾਲ ਸਿੰਘ ਅਤੇ ਇੱਕ ਸਾਲ ਦਾ ਬੱਚਾ ਸਹਿਜਬੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸ਼ਾਹਕੋਟ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਇੰਨਾਂ ਨੂੰ ਜਲੰਧਰ ਰੈਫ਼ਰ ਕਰ ਦਿੱਤਾ।

ਮੌਕੇ ’ਤੇ ਪਹੁੰਚੀ ਮਲਸੀਆਂ ਚੌਂਕੀ ਦੀ ਪੁਲਿਸ ਨੇ ਨੌਜਵਾਨਾਂ ਦੀਆਂ ਲਾਸ਼ਾ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤੀਆਂ ਹਨ। ਜਾਂਚ ਅਧਿਕਾਰੀ ਮੁਤਾਬਕ ਪੁਲਿਸ ਵੱਲੋਂ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਤੇਜ਼ ਰਫਤਾਰੀ ਕਾਰਨ ਵਾਪਰ ਦੇ ਹਾਦਸਿਆਂ ਕਾਰਨ ਕੀਮਤੀ ਜਾਨਾਂ ਦਾ ਜਾਣਾ ਲਗਾਤਾਰ ਜਾਰੀ ਹੈ। ਮਾਰੇ ਗਏ ਦੋਵੇਂ ਨੌਜਵਾਨਾਂ ਦੀ 16 ਅਤੇ 18 ਸਾਲ ਤਕ ਦੱਸੀ ਜਾ ਰਹੀ ਹੈ ਅਤੇ ਮੋਟਰ ਸਾਈਕਲ ਵੀ ਸ਼ਕਤੀਸ਼ਾਲੀ ਇੰਜਨ ਵਾਲਾ ਸੀ, ਜਿਸ ਨੂੰ ਨੌਜਵਾਨ ਤੇਜ਼ ਰਫਤਾਰ ਨਾਲ ਚਲਾ ਰਹੇ ਸਨ।

ਇਸ ਹਾਦਸੇ ਵਿਚ ਜਿੱਥੇ ਦੋਵਾਂ ਨੌਜਵਾਨਾਂ ਦੀ ਜਾਨੀ ਨੁਕਸਾਨ ਹੋਇਆ ਹੈ, ਉਥੇ ਹੀ ਦੂਜੇ ਮੋਟਰ ਸਾਈਕਲ ’ਤੇ ਜਾ ਰਹੇ ਪਰਿਵਾਰ ਨੂੰ ਵੀ ਹਸਪਤਾਲ ਭਰਤੀ ਹੋਣਾ ਪਿਆ ਹੈ। ਤੇਜ਼ ਰਫਤਾਰੀ ’ਤੇ ਲਗਾਮ ਕੱਸਣ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।