ਟਰੈਵਲ ਏਜੰਟ ਦੇ ਲਾਅਰਿਆਂ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
ਏਜੰਟ ਨੇ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ
ਖੰਨਾ (ਧਰਮਿੰਦਰ ਸਿੰਘ) ਪੰਜਾਬ ਅੰਦਰ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਲੋਕ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਹੁਣ ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇੱਕ ਨੌਜਵਾਨ ਨੇ ਏਜੰਟ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ।
ਮ੍ਰਿਤਕ ਦੀ ਪਹਿਚਾਣ ਰਵੀਦੀਪ ਸਿੰਘ ਉਮਰ 27 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਰਵੀਦੀਪ ਨੂੰ ਦੁਬਈ ਭੇਜਣ ਵਾਸਤੇ ਪਿੰਡ ਰਸੂਲੜਾ ਦੇ ਇੱਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜਾਰ ਰੁਪਏ ਦਿੱਤੇ ਸੀ।
ਕੰਮਕਾਰ ਦੀ ਭਾਲ 'ਚ ਰਵੀਦੀਪ ਸਿੰਘ ਨੇ ਦੁਬਈ ਜਾਣਾ ਸੀ। ਕਿਉਂਕਿ ਪਰਿਵਾਰ ਅੰਦਰ ਗਰੀਬੀ ਬਹੁਤ ਹੈ। ਏਜੰਟ ਲਾਰੇ ਲਾਉਂਦਾ ਰਿਹਾ ਤਾਂ ਦੁਖੀ ਹੋ ਕੇ ਰਵੀਦੀਪ ਨੇ ਆਤਮ ਹੱਤਿਆ ਕਰ ਲਈ। ਰਵੀਦੀਪ ਜਦੋਂ ਰਣਧੀਰ ਕੋਲ ਪੈਸੇ ਮੰਗਣ ਜਾਂਦਾ ਤਾਂ ਘਰ ਦੀਆਂ ਔਰਤਾਂ ਅੱਗੇ ਹੋ ਕੇ ਵਿਰੋਧ ਕਰਨ ਲਗਦੀਆਂ ਸਨ।
22 ਜੁਲਾਈ ਨੂੰ ਏਜੰਟ ਨੇ ਰਵੀਦੀਪ ਨਾਲ ਹੱਥੋਪਾਈ ਕੀਤੀ ਤਾਂ ਉਸਨੇ ਹਾਰ ਮੰਨ ਕੇ ਜ਼ਹਿਰੀਲੀ ਦਵਾਈ ਪੀ ਲਈ। ਜਿਸਨੂੰ ਪਟਿਆਲਾ ਹਸਪਤਾਲ ਵਿਖੇ ਜਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਣਧੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।