ਚੰਡੀਗੜ੍ਹ ਪਹੁੰਚੇ ਅਮਿਤ ਸ਼ਾਹ ਬੋਲੇ- ਨਸ਼ਿਆਂ ਖਿਲਾਫ਼ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਪੈਣਗੇ।

Amit Shah

 

ਚੰਡੀਗੜ੍ਹ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਚੰਡੀਗੜ੍ਹ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਕਾਨਫ਼ਰੰਸ ਵਿਚ ਕਿਹਾ ਕਿ ਦੇਸ਼ ਵਿਚ ਨਸ਼ਿਆਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ। ਪੰਜਾਬ ਰਾਜ ਭਵਨ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਨੂੰ ਇਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਜੰਗ ਲੜਨ ਦੀ ਲੋੜ ਹੈ। ਇਸ ਦੇ ਨਾਲ ਹੀ ਸਰਕਾਰ ਨਸ਼ੇ 'ਤੇ ਕਾਬੂ ਪਾਉਣ ਲਈ ਕਈ ਦਿਸ਼ਾਵਾਂ 'ਚ ਕੰਮ ਕਰ ਰਹੀ ਹੈ। ਆਧੁਨਿਕ ਫੋਰੈਂਸਿਕ ਸਾਇੰਸ ਲੈਬਸ ਵੀ ਖੋਲ੍ਹੀਆਂ ਗਈਆਂ ਹਨ। ਇਹ ਨਸ਼ਿਆਂ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਉਨ੍ਹਾਂ ਦੀ ਜਾਂਚ ਦੀ ਦਿਸ਼ਾ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੀ ਹੈ।

ਸ਼ਾਹ ਨੇ ਦੇਸ਼ ਦੇ ਨੌਜਵਾਨਾਂ 'ਚ ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ਕਦਮ ਚੁੱਕਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਸਰੀਰ ਅਤੇ ਸਮਾਜ ਵੀ ਪੂਰੀ ਤਰ੍ਹਾਂ ਖੋਖਲਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੇ ਖ਼ਾਤਮੇ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਪੈਣਗੇ। ਪੰਜਾਬ ਵਿਚ ਨਸ਼ਾ ਇੱਕ ਵੱਡੀ ਸਮੱਸਿਆ ਹੈ। ਅੱਜ ਸਵੇਰੇ ਉਹ ਹਵਾਈ ਅੱਡੇ 'ਤੇ ਸਖ਼ਤ ਸੁਰੱਖਿਆ ਵਿਚਕਾਰ ਪੰਜਾਬ ਰਾਜ ਭਵਨ ਪੁੱਜੇ ਸਨ। 4 ਮਹੀਨਿਆਂ ਬਾਅਦ ਇਕ ਵਾਰ ਫਿਰ ਉਹ ਅੱਜ ਚੰਡੀਗੜ੍ਹ ਆਏ ਹਨ। ਉਨ੍ਹਾਂ ਵੱਲੋਂ ਅੱਜ ਸ਼ਹਿਰ ਵਿੱਚ ਨਵੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ।