ਕਾਰਮਲ ਕਾਨਵੈਂਟ ਹੈਰੀਟੇਜ ਟ੍ਰੀ ਹਾਦਸਾ: ਚੰਡੀਗੜ੍ਹ ਦੇ ਡੀਸੀ ਨੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਵੰਡੇ ਚੈੱਕ

ਏਜੰਸੀ

ਖ਼ਬਰਾਂ, ਪੰਜਾਬ

ਪਰ ਹਾਦਸੇ ਦਾ ਕਾਰਨ ਅਜੇ ਤੱਕ 'ਅਣਜਾਣ'

Carmel Convent Heritage Tree accident

 

ਚੰਡੀਗੜ੍ਹ - ਚੰਡੀਗੜ੍ਹ ਵਿਚ ਕਾਰਮਲ ਕਾਨਵੈਂਟ ਹੈਰੀਟੇਜ ਟ੍ਰੀ ਹਾਦਸੇ ਨੂੰ 2 ਹਫ਼ਤੇ ਤੋਂ ਵੱਧ ਦਾ ਸਮਾਂ  ਬੀਤ ਚੁੱਕਾ ਹੈ ਪਰ ਹੁਣ ਤੱਕ ਚੰਡੀਗੜ੍ਹ ਪੁਲਿਸ ਦੀ ਐਫਆਈਆਰ ਵਿਚ  ‘ਅਣਜਾਣ’ ਮੁਲਜ਼ਮ ਹਨ। ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਉਸ ਸਮੇਂ ਚੰਡੀਗੜ੍ਹ ਪ੍ਰਸਾਸ਼ਨ ਨੇ ਜਖ਼ਮੀ ਬੱਚਿਆਂ ਤੇ ਜਿਸ ਬੱਚੀ ਦੀ ਇਸ ਹਾਦਸੇ ਵਿਚ ਜਾਨ ਚਲੀ ਗਈ ਸੀ ਉਹਨਾਂ ਲਈ ਮਾਲੀ ਸਹਾਇਤਾ ਦਾ ਐਲਾਨ ਕੀਤਾ ਸੀ। ਅੱਜ ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ 4 ਗੰਭੀਰ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੇ ਚੈੱਕ ਦਿੱਤੇ ਹਨ। ਮਾਮੂਲੀ ਸੱਟਾਂ ਵਾਲੇ 13 ਬੱਚਿਆਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਬਾਕੀਆਂ ਨੂੰ ਜਲਦੀ ਹੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਦੱਸ ਦਈਏ ਕਿ ਪ੍ਰਸ਼ਾਸਨ ਨੇ ਸੈਕਟਰ-43 ਦੀ ਰਹਿਣ ਵਾਲੀ 16 ਸਾਲਾ ਹੀਰਾਕਸ਼ੀ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ, ਜਿਸ ਦੀ ਹਾਦਸੇ 'ਚ ਜਾਨ ਚਲੀ ਗਈ ਸੀ। ਸਵੇਰੇ ਕਰੀਬ 11 ਵਜੇ ਵਾਪਰੇ ਇਸ ਹਾਦਸੇ ਵਿਚ 10ਵੀਂ ਜਮਾਤ ਦੀ ਇਸ਼ਿਤਾ (15) ਨੂੰ ਆਪਣਾ ਹੱਥ ਕਟਵਾਉਣਾ ਪਿਆ ਅਤੇ ਸੇਜਲ (16) ਦੀ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿੱਚ ਦੋ ਫ੍ਰੈਕਚਰ ਹੋ ਗਏ। ਦੋਵਾਂ ਨੂੰ ਪੀ.ਜੀ.ਆਈ. ਭਰਤੀ ਕਰਨਾ ਪਿਆ ਸੀ। ਸ਼ੀਲਾ (40) ਨਾਂ ਦੀ ਸਕੂਲ ਦੀ ਸੇਵਾਦਾਰ ਨੂੰ ਆਈਸੀਯੂ ਵਿਚ ਜਾਣਾ ਪਿਆ ਸੀ।

ਉਸ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ। ਇਸ ਹਾਦਸੇ 'ਚ 10 ਹੋਰ ਬੱਚੇ ਵੀ ਜ਼ਖਮੀ ਹੋ ਗਏ ਸੀ। ਸੈਕਟਰ-3 ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਏ ਅਤੇ 336 ਤਹਿਤ ਕੇਸ ਦਰਜ ਕੀਤਾ ਸੀ। ਪ੍ਰਸ਼ਾਸਨ ਦੇ ਸਾਲ 2017 ਦੇ ਨੋਟੀਫਿਕੇਸ਼ਨ ਅਨੁਸਾਰ ਜਿਸ ਸੰਸਥਾ ਕੋਲ ਵਿਰਾਸਤੀ ਦਰੱਖਤ ਹਨ, ਉਨ੍ਹਾਂ ਦੀ ਸੁਰੱਖਿਆ ਅਤੇ ਸੰਭਾਲ ਦੀ ਜ਼ਿੰਮੇਵਾਰੀ ਸੰਸਥਾ ਦੀ ਹੈ। ਪਹਿਲਾਂ, ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇਣ ਤੋਂ ਬਾਅਦ, ਪ੍ਰਸ਼ਾਸਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰੀ. ਜੱਜ ਦੀ ਇਕ ਮੈਂਬਰੀ ਕਮੇਟੀ ਬਣਾ ਕੇ ਇਸ ਦੀ ਜਾਂਚ ਜਸਟਿਸ (ਆਰ.) ਜਤਿੰਦਰ ਚੌਹਾਨ ਨੂੰ ਸੌਂਪੀ ਗਈ ਸੀ।

ਕਮੇਟੀ ਨੂੰ ਮਾਮਲੇ ਨਾਲ ਸਬੰਧਤ ਤੱਥ ਇਕੱਠੇ ਕਰਨ ਅਤੇ ਜ਼ਿੰਮੇਵਾਰੀ ਤੈਅ ਕਰਨ ਤੋਂ ਇਲਾਵਾ ਭਵਿੱਖ ਲਈ ਉਪਚਾਰਕ ਕਾਰਵਾਈ ਦੀ ਸਿਫ਼ਾਰਸ਼ ਕਰਨ ਲਈ ਵੀ ਕਿਹਾ ਗਿਆ। ਕਮੇਟੀ ਦੇਹਰਾਦੂਨ ਦੀ ਮਾਹਿਰ ਕਮੇਟੀ ਦੇ ਨਾਲ ਕਾਰਮਲ ਕਾਨਵੈਂਟ ਸਕੂਲ ਸੈਕਟਰ 9 ਪਹੁੰਚੀ ਅਤੇ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਨਾਲ ਵੀ ਮੁਲਾਕਾਤ ਕੀਤੀ।