ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਅਗਵਾਈ ਕਰ ਕੇ ਨਾਜਾਇਜ਼ ਕਬਜ਼ੇ ਹੇਠਲੀ 2828 ਏਕੜ ਜ਼ਮੀਨ ਛੁਡਵਾਈ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਅਗਵਾਈ ਕਰ ਕੇ ਨਾਜਾਇਜ਼ ਕਬਜ਼ੇ ਹੇਠਲੀ 2828 ਏਕੜ ਜ਼ਮੀਨ ਛੁਡਵਾਈ

image

 

ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ, ਧੀ ਤੇ ਜਵਾਈ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦੇ ਬੇਟੇ ਦੇ ਕਬਜ਼ੇ ਵਾਲੀ ਜ਼ਮੀਨ ਵੀ ਸ਼ਾਮਲ

ਐਸ.ਏ.ਐਸ ਨਗਰ, 29 ਜੁਲਾਈ (ਨਰਿੰਦਰ ਸਿੰਘ ਝਾਮਪੁਰ): ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਮੋਹਾਲੀ ਜ਼ਿਲ੍ਹੇ ਦੇ ਛੋਟੀ ਵੱਡੀ ਨੰਗਲ ਵਿਚੋਂ ਨਾਜਾਇਜ਼ ਕਬਜ਼ੇ ਛੁਡਵਾਏ ਗਏ | ਨਾਜਾਇਜ਼ ਕਬਜ਼ਾ ਛੁਡਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਦਲ ਬਲ ਨਾਲ ਪਹੁੰਚੇ | ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਅਫ਼ਸਰ ਵੀ ਸ਼ਾਮਲ ਸਨ | ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਰਸੂਖਦਾਰ ਵਿਅਕਤੀਆਂ ਨੇ ਜ਼ਮੀਨ ਨੂੰ  ਅਪਣੇ ਨਾਮ ਕਰਵਾ ਲਿਆ ਸੀ |
ਉਨ੍ਹਾਂ ਕਿਹਾ ਕਿ ਅੱਜ ਬਿਨਾਂ ਕਿਸੇ ਝਗੜੇ ਦੇ 2828 ਏਕੜ ਜ਼ਮੀਨ ਨੂੰ  ਨਾਜਾਇਜ਼ ਕਬਜ਼ੇ ਵਿਚੋਂ ਛੁਡਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਵਿਚ ਖੈਰ ਦੀ ਲੱਕੜ ਵੀ ਲੱਗੀ ਹੋਈ ਹੈ ਜਿਸ ਦੀ ਕੀਮਤ ਕਰੀਬ 50 ਕਰੋੜ ਰੁਪਏ ਹੈ | ਉਨ੍ਹਾਂ ਕਿਹਾ ਕਿ ਅੱਜ ਕਰੀਬ 300 ਕਰੋੜ ਰੁਪਏ ਦੀ ਜ਼ਮੀਨ ਛੁਡਵਾਈ ਗਈ ਹੈ | ਉਨ੍ਹਾਂ ਕਿਹਾ ਕਿ ਰੱਜੇ ਪੁਜੇ ਵਿਅਕਤੀਆਂ ਨੇ ਜ਼ਮੀਨ ਦੱਬੀ ਸੀ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ 1100 ਏਕੜ ਜ਼ਮੀਨ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਲਤ ਵਿਚੋਂ ਕੇਸ ਜਿਤਿਆ ਹੈ, ਉਸ ਤੋਂ ਬਾਅਦ ਕਬਜ਼ਾ ਛੁਡਵਾਇਆ ਗਿਆ ਹੈ |
ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਦਸਿਆ ਹੁਣ ਤਕ 9053 ਏਕੜ ਛੁਡਵਾਈ ਜਾ ਚੁਕੀ ਹੈ | ਉਨ੍ਹਾਂ ਕਿਹਾ ਕਿ ਅੱਜ ਛੋਟੀ ਵੱਡੀ ਨੰਗਲ ਵਿਚੋਂ ਸਰਕਾਰੀ ਨੂੰ  ਜ਼ਮੀਨ ਛੁਡਵਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਇਸ ਜ਼ਮੀਨ ਵਿਚ 16 ਬੰਦੇ ਸਨ | ਉਨ੍ਹਾਂ ਕਿਹਾ ਕਿ ਇਸ ਵਿਚ ਫ਼ੌਜਾ ਸਿੰਘ ਜੋ ਕਿ ਪ੍ਰਾਈਵੇਟ ਕੰਪਨੀ ਹੈ ਉਸ ਕੋਲ ਕੁਲ 1100 ਏਕੜ ਜ਼ਮੀਨ ਹੈ | ਐਮਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਦੇ ਕਬਜ਼ੇ ਵਿਚੋਂ 125 ਏਕੜ ਅਤੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ ਛੁਡਵਾਈ ਗਈ ਹੈ | ਧਾਵਨ ਮੈਸਰਜ਼ 300 ਏਕੜ, ਸਿਮਰਨਜੀਤ ਮਾਨ ਦੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ, ਨਵਦੀਪ ਕੌਰ ਪਤਨੀ ਰਣਜੀਤ ਕੌਰ 15, ਤੇਜਵੀਰ ਸਿੰਘ ਢਿੱਲੋਂ, 10 ਏਕੜ, ਦੀਪਇੰਦਰ ਸਿੰਘ ਚਹਿਲ 8 ਏਕੜ, ਹਰਮਨਦੀਪ ਸਿੰਘ ਧਾਲੀਵਾਲ ਪੁੱਤਰ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ 5 ਏਕੜ, ਰੀਟਾ ਸ਼ਰਮਾ ਕੋਲੋਂ 4 ਏਕੜ ਤੇ ਹੋਰਨਾਂ ਵਿਅਕਤੀਆਂ ਕੋਲੋਂ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਹੈ |