VC ਡਾ. ਰਾਜ ਬਹਾਦਰ ਨਾਲ ਮੁਲਾਕਾਤ ਮੌਕੇ ਬੋਲੇ ਰਾਜਾ ਵੜਿੰਗ - 'ਰੋਂਦੇ ਇਨਸਾਨ ਦੇ ਅੱਥਰੂ ਪੂੰਝਣਾ ਰਾਜਨੀਤੀ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਮਰੇ ਸਾਹਮਣੇ ਭਾਵੁਕ ਹੁੰਦਿਆਂ ਡਾ. ਰਾਜ ਬਹਾਦਰ ਨੇ ਕਿਹਾ -'ਮੇਰੀ ਸਰਵਿਸ ਦੌਰਾਨ ਅਜਿਹਾ ਪਹਿਲੀ ਵਾਰ ਹੋਇਆ'

VC Dr. Raj Bhadar and Raja Warring

ਮੁਹਾਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੂੰ ਸ਼ਰਮਸਾਰ ਕਰਨ ਅਤੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ। ਰਾਜਾ ਵੜਿੰਗ ਦੀ ਡਾ: ਰਾਜ ਬਹਾਦਰ ਨਾਲ ਮੁਲਾਕਾਤ ਦੀ ਪ੍ਰਕਿਰਿਆ ਸਿਆਸਤ ਤੋਂ ਪ੍ਰੇਰਿਤ ਦੱਸੀ ਜਾ ਰਹੀ ਹੈ। 

ਇਸ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਚੰਗੇ ਡਾਕਟਰ ਦੇ ਨਾਲ ਖੜ੍ਹਨਾ ਰਾਜਨੀਤੀ ਹੈ, ਜੇਕਰ ਤੁਸੀਂ ਸਹੀ ਗੱਲ ਕਹਿ ਰਹੇ ਹੋ, ਜੇਕਰ ਕਿਸੇ ਦੇ ਨਾਲ ਮੁਸ਼ਕਿਲ ਸਮੇਂ 'ਚ ਖੜ੍ਹਨਾ ਰਾਜਨੀਤੀ ਹੈ, ਜੇਕਰ ਰੋਣ ਵਾਲੇ ਦੀਆਂ ਅੱਖਾਂ ਪੂੰਝਣਾ ਰਾਜਨੀਤੀ ਹੈ, ਤਾਂ ਮੈਂ ਇਸ ਨੂੰ ਜਾਰੀ ਰੱਖਾਂਗਾ।  ਉਧਰ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਉਨ੍ਹਾਂ ਨੇ 40-45 ਸਾਲ ਸੇਵਾਵਾਂ ਦਿਤੀਆਂ ਹਨ ਪਰ ਉਨ੍ਹਾਂ ਦੀ ਸਰਵਿਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ। ਉਹ ਅਪਮਾਨਿਤ ਮਹਿਸੂਸ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਹਸਪਤਾਲ ਦੇ ਨਿਰੀਖਣ ਦੌਰਾਨ ਇੱਕ ਵਾਰਡ ਵਿੱਚ ਆਪਣੀ ਟੀਮ ਨਾਲ ਪੁੱਜੇ, ਜਿੱਥੇ ਇੱਕ ਬੈੱਡ ’ਤੇ ਇੱਕ ਫਟੇ-ਪੁਰਾਣੇ ਗੱਦੇ ਪਏ ਸਨ, ਜਿਸ ਨੂੰ ਦੇਖ ਕੇ ਮੰਤਰੀ ਨੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਉਸ ਗੱਦੇ 'ਤੇ ਲੰਮੇ ਪੈਣ ਲਈ ਕਿਹਾ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। 

ਇਸ ਦੇ ਨਾਲ ਹੀ ਮੈਡੀਕਲ ਕਾਲਜ ਹਸਪਤਾਲ ਦੇ ਦੌਰੇ ਦੌਰਾਨ ਮੰਤਰੀ ਕਈ ਵਾਰ ਹਸਪਤਾਲ ਦੇ ਪ੍ਰਬੰਧਾਂ ਤੋਂ ਨਾਰਾਜ਼ ਨਜ਼ਰ ਆਏ। ਇਸ ਦੌਰਾਨ ਮੰਤਰੀ ਨੇ ਕਾਊਂਟਰ ਦੇ ਅੰਦਰ ਜਾ ਕੇ ਸਥਿਤੀ ਦਾ ਨੇੜਿਉਂ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਬਰਦਾਸ਼ਤ ਨਹੀਂ ਕਰੇਗੀ, ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਡਾਕਟਰ, ਸਟਾਫ਼, ਦਵਾਈਆਂ ਆਦਿ ਦੀ ਪੂਰੀ ਉਪਲਬਧਤਾ ਕਰਵਾਈ ਜਾ ਰਹੀ ਹੈ।

ਦੱਸ ਦੇਈਏ ਕਿ ਰਾਜਾ ਵੜਿੰਗ ਨੂੰ ਮਿਲਣ ਮੌਕੇ ਡਾ.ਰਾਜ ਬਹਾਦਰ ਭਾਵੁਕ ਹੋ ਗਏ। ਰਾਜਾ ਵੜਿੰਗ ਨੇ ਕਿਹਾ ਕਿ ਡਾ. ਰਾਜ ਬਹਾਦਰ ਨੇ ਕੋਰੋਨਾ ਕਾਲ ਵਿਚ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀ ਕੀਤੀ। ਹਜ਼ਾਰਾਂ ਲੋਕਾਂ ਨੇ ਕਿਹਾ ਹੈ ਕਿ ਡਾ.ਰਾਜ ਬਹਾਦਰ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨਾਲ ਅਜਿਹਾ ਸਲੂਕ ਹਰਗਿਜ਼ ਬਰਦਾਸ਼ਤਯੋਗ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕਰਦਿਆਂ ਕਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਹੈ ਕਿ ‘ਆਪ’ ਲੀਡਰਸ਼ਿਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਹੁਣ ਉਹ ਵਿਰੋਧੀ ਧਿਰ ਨਹੀਂ ਹਨ, ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਉਨ੍ਹਾਂ ਦਾ ਫਰਜ਼ ਹੈ।