ਬਿਜਲੀ ਕੰਪਨੀਆਂ ਦੇ 2.5 ਲੱਖ ਕਰੋੜ ਰੁਪਏ ਦੇ ਬਕਾਏ ਦਾ ਛੇਤੀ ਭੁਗਤਾਨ ਕਰਨ ਸੂਬੇ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਬਿਜਲੀ ਕੰਪਨੀਆਂ ਦੇ 2.5 ਲੱਖ ਕਰੋੜ ਰੁਪਏ ਦੇ ਬਕਾਏ ਦਾ ਛੇਤੀ ਭੁਗਤਾਨ ਕਰਨ ਸੂਬੇ : ਮੋਦੀ

image

ਨਵੀਂ ਦਿੱਲੀ, 30 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਨੂੰ ਬਿਜਲੀ ਕੰਪਨੀਆਂ ਦੇ ਲਗਭਗ 2.5 ਲੱਖ ਕਰੋੜ ਰੁਪਏ ਦੇ ਬਕਾਏ ਦਾ ਭੁਗਤਾਨ ਕਰਨ ਦੀ ਅਪੀਲ ਕਰਦੇ ਹੋਏ ਅੱਜ ਕਿਹਾ ਕਿ ਦੇਸ਼ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਿਜਲੀ ਖੇਤਰ ਨੂੰ ਮਜਬੂਤ ਕਰਨਾ ਜ਼ਰੂਰੀ ਹੈ। ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ 25 ਸਾਲਾਂ ਵਿਚ ਦੇਸ ਦੀ ਤਰੱਕੀ ਵਿਚ ਤੇਜ਼ੀ ਲਿਆਉਣ ਵਿਚ ਊਰਜਾ ਅਤੇ ਬਿਜਲੀ ਖੇਤਰਾਂ ਨੂੰ ਵੱਡੀ ਭੂਮਿਕਾ ਅਦਾ ਕਰਨੀ ਹੈ। ਉਨ੍ਹਾਂ ਕਿਹਾ, “ਊਰਜਾ ਖੇਤਰ ਦਾ ਮਜਬੂਤ ਹੋਣਾ ਕਾਰੋਬਾਰ ਸੌਖ ਦੇ ਨਾਲ-ਨਾਲ ਜੀਵਨ ਦੀ ਸੌਖ ਲਈ ਵੀ ਜ਼ਰੂਰੀ ਹੈ।’’
ਪ੍ਰਧਾਨ ਮੰਤਰੀ ਨੇ ‘ਉਜਵਲ ਭਾਰਤ ਉਜਵਲ ਭਵਿੱਖ’ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿਚ ਬਿਜਲੀ ਉਤਪਾਦਨ ਅਤੇ ਵੰਡ ਖੇਤਰ ਵਿਚ ਕੰਪਨੀਆਂ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਕਿਹਾ ਕਿ ਇਨ੍ਹਾਂ ਦੀ ਇਕ ਵੱਡੀ ਰਕਮ ਰਾਜਾਂ ਕੋਲ ਬਕਾਇਆ ਹੈ। ਉਨ੍ਹਾਂ ਨੇ ਰਾਜਾਂ ਨੂੰ ਇਸ ਬਕਾਏ ਦਾ ਭੁਗਤਾਨ ਜਲਦੀ ਤੋਂ ਜਲਦੀ ਕਰਨ ਲਈ ਕਿਹਾ। ਉਨ੍ਹਾਂ ਕਿਹਾ, ‘‘ਇਹ ਰਾਜਨੀਤੀ ਦਾ ਮੁੱਦਾ ਨਹੀਂ ਹੈ, ਸਗੋਂ ਰਾਸ਼ਟਰੀ ਨੀਤੀ ਅਤੇ ਰਾਸ਼ਟਰ ਨਿਰਮਾਣ ਨਾਲ ਜੁੜਿਆ ਮੁੱਦਾ ਹੈ। ਦੇਸ਼ ਦੇ ਵਿਕਾਸ ਲਈ ਬਿਜਲੀ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਕਈ ਰਾਜਾਂ ’ਤੇ ਇਨ੍ਹਾਂ ਬਿਜਲੀ ਕੰਪਨੀਆਂ ਦਾ ਇਕ ਲੱਖ ਕਰੋੜ ਰੁਪਏ ਤੋਂ ਵਧ ਦਾ ਬਕਾਇਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸਥਾਨਕ ਸੰਸਥਾਵਾਂ ਦਾ ਵੀ ਇਨ੍ਹਾਂ ਬਿਜਲੀ ਵੰਡ ਕੰਪਨੀਆਂ ਵਲ 60 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਬਕਾਇਆ ਅਜੇ ਵੀ ਬਾਕੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਰਕਾਰਾਂ ਨੇ ਅਜੇ ਤਕ ਬਿਜਲੀ ਕੰਪਨੀਆਂ ਨੂੰ 75,000 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਹੈ। ਰਾਜਾਂ ਵਲੋਂ ਖਪਤਕਾਰਾਂ ਨੂੰ ਦਿਤੀ ਜਾਣ ਵਾਲੀ ਰਿਆਇਤੀ ਬਿਜਲੀ ਦੇ ਬਦਲੇ ’ਚ ਇਹ ਸਬਸਿਡੀ ਰਾਸ਼ੀ ਦਿਤੀ ਜਾਣੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਬਿਜਲੀ ਵੰਡ ਕੰਪਨੀਆਂ ਦਾ ਨੁਕਸਾਨ ਦਹਾਈ ਅੰਕਾਂ ਵਿਚ ਹੈ ਜਦੋਂ ਕਿ ਵਿਕਸਤ ਦੇਸ਼ਾਂ ਵਿਚ ਇਹ ਇਕਾਈ ਅੰਕਾਂ ਵਿਚ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕਮੀ ਦਾ ਦੌਰ ਹੁਣ ਬੀਤੇ ਸਮੇਂ ਦੀ ਗੱਲ ਬਣ ਗਈ ਹੈ ਅਤੇ ਪਿਛਲੇ ਅੱਠ ਸਾਲਾਂ ਵਿਚ ਕਰੀਬ 1.70 ਲੱਖ ਮੈਗਾਵਾਟ ਬਿਜਲੀ ਦੀ ਦੀ ਵਾਧੂ ਸਮਰੱਥਾ ਪੈਦਾ ਕੀਤੀ ਗਈ ਹੈ।
ਉਨ੍ਹਾਂ ਇਸ ਮੌਕੇ ’ਤੇ 5,200 ਕਰੋੜ ਰੁਪਏ ਦੇ ਕਈ ਗ੍ਰੀਨ ਊਰਜਾ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਿਆ। ਰਾਜਸਥਾਨ ਦੇ ਨੋਖ ਵਿਖੇ 735 ਮੈਗਾਵਾਟ ਦਾ ਸੂਰਜੀ ਪ੍ਰਾਜੈਕਟ ਸਥਾਪਿਤ ਕੀਤਾ ਜਾਵੇਗਾ ਜਦੋਂ ਕਿ ਲੇਹ ਅਤੇ ਗੁਜਰਾਤ ਵਿਚ ਗ੍ਰੀਨ ਹਾਈਡ੍ਰੋਜਨ ਪ੍ਰਾਜੈਕਟ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਤੇਲੰਗਾਨਾ ਦੇ ਰਾਮਾਗੁੰਡਮ ਵਿਖੇ 100 ਮੈਗਾਵਾਟ ਸਮਰੱਥਾ ਦੇ ਫਲੋਟਿੰਗ ਸੋਲਰ ਪ੍ਰਾਜੈਕਟ ਅਤੇ ਕੇਯਮਕੁਲਮ, ਕੇਰਲ ਵਿਖੇ 92 ਮੈਗਾਵਾਟ ਸਮਰੱਥਾ ਦੇ ਫਲੋਟਿੰਗ ਸੋਲਰ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ।    (ਏਜੰਸੀ)