ਜਲੰਧਰ 'ਚ ਚੋਰਾਂ ਨੇ ਅੱਧੀ ਰਾਤ ਨੂੰ ਫੈਕਟਰੀ ਨੂੰ ਬਣਾਇਆ ਨਿਸ਼ਾਨਾ, 15 ਲੱਖ ਦੀ ਨਕਦੀ ਤੇ ਸਾਮਾਨ ਲੈ ਕੇ ਹੋਏ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨੋ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ

Thieves

 

ਜਲੰਧਰ: ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਪਰ ਪ੍ਰਸ਼ਾਸਨ ਚੈਨ ਦੀ ਨੀਂਦ ਸੁੱਤਾ ਹੋਇਆ ਹੈ। ਪੁਲਿਸ ਪ੍ਰਸ਼ਾਸਨ ਇਕਤਰਫਾ ਵਾਰਦਾਤਾਂ ਨੂੰ ਸੁਲਝਾਉਂਦੇ ਹੋਏ ਆਪਣੀ ਪਿੱਠ ਥਪਥਪਾਉਂਦਾ ਹੈ ਪਰ ਇਸ ਦੌਰਾਨ ਸ਼ਹਿਰ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿਨ ਚੜ੍ਹਦੇ ਹੀ ਲੁੱਟ-ਖੋਹ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਸ਼ਹਿਰ ਦੇ ਗੁੱਜਾ ਪੀਰ ਇਲਾਕੇ ਵਿੱਚ ਇੱਕ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 15 ਲੱਖ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਕਟਰੀ ਦੇ ਮਾਲਕ ਧੀਰਜ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਅਲਫਾ ਗਲੋਬਲ ਇੰਡਸਟਰੀਜ਼ ਗੁੱਜਾ ਪੀਰ ਰੋਡ 'ਤੇ ਸਥਿਤ ਹੈ। ਜਿੱਥੇ ਬੀਤੀ ਰਾਤ ਚੋਰਾਂ ਨੇ ਮੌਕਾ ਦੇਖ ਕੇ ਉਸ ਨੂੰ ਨਿਸ਼ਾਨਾ ਬਣਾਇਆ। ਉਹਨਾਂ ਦੱਸਿਆ ਕਿ ਜਦੋਂ ਉਹ ਸਵੇਰੇ 9 ਵਜੇ ਫੈਕਟਰੀ ਵਿੱਚ ਪਹੁੰਚੇ ਤਾਂ ਅੰਦਰਲੇ ਦਰਵਾਜ਼ੇ ਦੇ ਸ਼ੀਸ਼ੇ ਤੋੜ ਕੇ ਅੰਦਰਲੇ ਦੋਵੇਂ ਤਾਲੇ ਟੁੱਟੇ ਹੋਏ ਸਨ ਅਤੇ ਚੋਰਾਂ ਨੇ ਲੱਖਾਂ ਰੁਪਏ ਦੀ ਨਕਦੀ ਅਤੇ ਹੋਰ ਪਿੱਤਲ ਦੀਆਂ ਟੂਟੀਆਂ ਵੀ ਚੋਰੀ ਕਰਕੇ ਨਾਲ ਲੈ ਗਏ।

 

ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਡਵੀਜ਼ਨ ਨੰਬਰ ਅੱਠ ਦੇ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁੱਜਾ ਪੀਰ ਰੋਡ ’ਤੇ ਸਥਿਤ ਇੱਕ ਫੈਕਟਰੀ ਵਿੱਚ ਚੋਰੀ ਦੀ ਘਟਨਾ ਵਾਪਰੀ ਹੈ। ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।