ਸਤਲੁਜ 'ਚ ਵਹਿ ਕੇ ਪਾਕਿਸਤਾਨ ਪਹੁੰਚੇ ਲੁਧਿਆਣਾ ਦੇ 2 ਨੌਜਵਾਨ, ਪਾਕਿ ਰੇਂਜਰਾਂ ਨੇ ਫੜੇ, ਅਧਿਕਾਰੀਆਂ ਨੇ ਨਹੀਂ ਕੀਤੀ ਪੁਸ਼ਟੀ
ਇਹਨਾਂ 2 ਨੌਜਵਾਨਾਂ ਦੇ ਨਾਂ ਰਤਨਪਾਲ ਪੁੱਤਰ ਮਹਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੁਧਿਆਣਾ ਦੱਸੇ ਜਾ ਰਹੇ ਹਨ
ਫਿਰੋਜ਼ਪੁਰ - ਪੰਜਾਬ ਦੇ ਫ਼ਿਰੋਜ਼ਪੁਰ ਵਿਚ ਨਿਊ ਗਜ਼ਨੀਵਾਲਾ ਚੌਕੀ ਨੇੜੇ ਸਤਲੁਜ ਦਰਿਆ ਦੇ ਤੇਜ਼ ਵਹਾਅ ਵਿਚ ਵਹਿ ਕੇ ਦੋ ਨੌਜਵਾਨ ਪਾਕਿਸਤਾਨ ਦੀ ਸਰਹੱਦ ਵਿਚ ਦਾਖ਼ਲ ਹੋ ਗਏ। 2 ਦਿਨਾਂ ਤੋਂ ਮਮਦੋਟ ਇਲਾਕੇ 'ਚ ਪਾਕਿ ਰੇਂਜਰਾਂ ਵੱਲੋਂ ਦੋਵਾਂ ਨੂੰ ਫੜੇ ਜਾਣ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਹੈ। ਹਾਲਾਂਕਿ ਸਤਲੁਜ ਦਰਿਆ ਵਿਚ ਵਹਿ ਕੇ ਪਾਕਿਸਤਾਨ ਪਹੁੰਚਣ ਅਤੇ ਪਾਕਿ ਰੇਂਜਰਾਂ ਵੱਲੋਂ ਫੜੇ ਜਾਣ ਦੀ ਫਿਲਹਾਲ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਹਾਲਾਂਕਿ ਬੀਐਸਐਫ ਨੇ ਗੁਰਦੁਆਰਾ ਸਾਹਿਬ ਤੋਂ ਇਹ ਐਲਾਨ ਜ਼ਰੂਰ ਕੀਤਾ ਹੈ ਕਿ ਜੇਕਰ ਸਰਹੱਦੀ ਖੇਤਰ ਦੇ ਕਿਸੇ ਕਸਬੇ ਜਾਂ ਪਿੰਡ ਵਿਚੋਂ ਕਿਸੇ ਪਰਿਵਾਰ ਦਾ ਕੋਈ ਮੈਂਬਰ ਲਾਪਤਾ ਹੈ ਤਾਂ ਉਹ ਬੀਐਸਐਫ ਨਾਲ ਸੰਪਰਕ ਕਰ ਸਕਦਾ ਹੈ। ਇਹਨਾਂ 2 ਨੌਜਵਾਨਾਂ ਦੇ ਨਾਂ ਰਤਨਪਾਲ ਪੁੱਤਰ ਮਹਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੁਧਿਆਣਾ ਦੱਸੇ ਜਾ ਰਹੇ ਹਨ। ਪਰ ਇਹ ਦੋਵੇਂ ਨੌਜਵਾਨ ਇੱਥੇ ਕਿਵੇਂ ਪਹੁੰਚੇ ਇਹ ਆਪਣੇ ਆਪ ਵਿਚ ਇੱਕ ਵੱਡਾ ਰਹੱਸ ਹੈ। ਇਸ ਤੋਂ ਇਲਾਵਾ ਜਿਸ ਹਿੱਸੇ ਤੋਂ ਦੋਵੇਂ ਨੌਜਵਾਨ ਪਾਕਿਸਤਾਨ 'ਚ ਦਾਖ਼ਲ ਹੋਏ ਦੱਸੇ ਜਾਂਦੇ ਹਨ, ਉੱਥੇ ਬੀ.ਐੱਸ.ਐੱਫ. ਦੀ ਦੋ-ਪਾਸੜ ਕੰਡਿਆਲੀ ਤਾਰ ਲੱਗੀ ਹੋਈ ਹੈ।
ਅਜਿਹੇ 'ਚ ਇਹ ਅਸੰਭਵ ਜਾਪਦਾ ਹੈ ਕਿ ਉਕਤ ਨੌਜਵਾਨ ਨਵੀਂ ਗਜ਼ਨੀਵਾਲਾ ਚੌਕੀ ਨੇੜੇ ਤੋਂ ਪਾਕਿਸਤਾਨ 'ਚ ਦਾਖਲ ਹੋਏ ਹਨ। ਹਾਲਾਂਕਿ ਇਸ ਚਰਚਾ ਦੇ ਵਿਚਕਾਰ ਸੁਰੱਖਿਆ ਏਜੰਸੀਆਂ ਸੁਚੇਤ ਹੋ ਗਈਆਂ ਹਨ। ਇਸ ਤੋਂ ਪਹਿਲਾਂ ਇੱਕ ਬੋਲ਼ਾ-ਗੁੰਗਾ ਵਿਅਕਤੀ ਸਤਲੁਜ ਵਿਚ ਵਹਿ ਕੇ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਵਿਚ ਪਹੁੰਚ ਚੁੱਕਾ ਹੈ। ਜਿਸ ਦੀ ਸੂਚਨਾ ਪਾਕਿ ਰੇਂਜਰਾਂ ਨੇ ਬੀ.ਐੱਸ.ਐੱਫ. ਨੂੰ ਦੇ ਦਿੱਤੀ ਹੈ।